
PNG ਤੋਂ ਬਾਅਦ CNG ਦੀਆਂ ਕੀਮਤਾਂ ਵਿਚ 2.50 ਰੁਪਏ ਦਾ ਕੀਤਾ ਵਾਧਾ
ਨਵੀਂ ਦਿੱਲੀ : ਦੇਸ਼ ਦੀ ਜਨਤਾ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਦਿੱਲੀ ਵਿੱਚ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਦੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਸੀਐਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ ਇੱਕ ਕਿਲੋ ਸੀਐਨਜੀ ਦੀ ਕੀਮਤ 71.61 ਰੁਪਏ ਹੋ ਗਈ ਹੈ।
CNG
ਪਿਛਲੇ ਕੁੱਝ ਦਿਨਾਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਪਿਛਲੇ ਹਫ਼ਤੇ ਵੀਰਵਾਰ ਨੂੰ ਵੀ ਸੀਐਨਜੀ 2.5 ਰੁਪਏ ਪ੍ਰਤੀ ਕਿਲੋ ਵਧ ਗਈ ਸੀ। ਹੁਣ ਤੱਕ ਦੋ ਹਫ਼ਤਿਆਂ ਵਿੱਚ ਸੀਐਨਜੀ ਵਿੱਚ 11.60 ਰੁਪਏ ਦਾ ਵਾਧਾ ਹੋਇਆ ਹੈ। ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀਐਨਜੀ ਦੀ ਤਾਜ਼ਾ ਕੀਮਤ 74.17 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
CNG
ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਸੀਐਨਜੀ 78.84 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰੂਗ੍ਰਾਮ 'ਚ ਕੀਮਤ 79.94 ਰੁਪਏ ਪ੍ਰਤੀ ਕਿਲੋ, ਰੇਵਾੜੀ 'ਚ 82.07 ਰੁਪਏ, ਕਰਨਾਲ ਅਤੇ ਕੈਥਲ 'ਚ 80.27 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਦੂਜੇ ਪਾਸੇ ਯੂਪੀ ਦੇ ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ ਵਿੱਚ ਸੀਐਨਜੀ 83.40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦੀ ਕੀਮਤ 81.88 ਰੁਪਏ ਹੋ ਗਈ ਹੈ।