ਸਿੱਖਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਸਥਾਈ ਹੱਲ ਕਰਵਾਉਣ ਲਈ ਕੰਮ ਕਰੇਗਾ ਇਹ ਬੋਰਡ
ਰਾਜਸਥਾਨ : ਰਾਜਸਥਾਨ ਸਰਕਾਰ ਵੱਲੋਂ ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਭਾਈਚਾਰੇ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਸੂਬਾ ਸਰਕਾਰ ਨੇ ਸਿੱਖ ਕੌਮ ਲਈ ਸ੍ਰੀ ਗੁਰੂ ਨਾਨਕ ਦੇਵ ਸਿੱਖ ਭਲਾਈ ਬੋਰਡ ਬਣਾਉਣ ਦਾ ਫੈਲਾ ਲਿਆ ਹੈ। ਦੱਸ ਦੇਈਏ ਕਿ ਇਸ ਬਾਰੇ ਖ਼ੁਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਹੈ।
ਇਹ ਬੋਰਡ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦਾ ਸਥਾਈ ਹੱਲ ਕਰਵਾਉਣ ਲਈ ਕੰਮ ਕਰੇਗਾ। ਜੇਕਰ ਇਹ ਬੋਰਡ ਬਣਾਇਆ ਜਾਂਦਾ ਹੈ ਤਾਂ ਇਹ ਆਪਣੇ ਆਪ ਵਿਚ ਸਿੱਖ ਭਾਈਚਾਰੇ ਦੇ ਹਿੱਤ ਵਿਚ ਰਾਜਸਥਾਨ ਸਰਕਾਰ ਦਾ ਇੱਕ ਵੱਡਾ ਕਦਮ ਸਾਬਤ ਹੋਵੇਗਾ। ਉਂਝ ਤਾਂ ਰਾਜਸਥਾਨ ਵਿਚ ਵਸਦਾ ਸਿੱਖ ਭਾਈਚਾਰਾ ਸਮਰਿਧ ਹੈ ਪਰ ਹਰ ਇੱਕ ਭਾਈਚਾਰੇ ਵਿਚ ਅਜਿਹਾ ਤਬਕਾ ਹੁੰਦਾ ਹੈ ਜਿਸ ਨੂੰ ਵੈਲਫੇਅਰ ਆਦਿ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ: ਓਟਿੰਗ ਮਾਮਲਾ: ਕੇਂਦਰ ਨੇ ਫ਼ੌਜ ਦੇ 30 ਮੁਲਾਜ਼ਮਾਂ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਤੋਂ ਕੀਤਾ ਇਨਕਾਰ
ਸਥਾਨਕ ਮੀਡੀਆ ਅਨੁਸਾਰ ਇਸ ਤੋਂ ਪਹਿਲਾਂ ਜਿੰਨੇ ਵੀ ਭਾਈਚਾਰਿਆਂ ਵਲੋਂ ਭਲਾਈ ਬੋਰਡ ਬਣਾਉਣ ਦੀ ਮੰਗ ਕੀਤੀ ਗਈ ਉਹ ਸੂਬਾ ਸਰਕਾਰ ਨੇ ਪੂਰੀ ਕੀਤੀ ਹੈ। ਇਸ ਦੇ ਨਾਲ ਨਾਲ ਸਰਕਾਰ ਵਲੋਂ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਹਰ ਇੱਕ ਭਾਈਚਾਰੇ ਨੂੰ ਢੁਕਵੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣ।
ਅੱਜ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਿੱਖ ਭਾਈਚਾਰੇ ਨੂੰ ਸਿੱਖ ਭਲਾਈ ਬੋਰਡ ਦੇ ਰੂਪ ਵਿਚ ਇੱਕ ਵੱਡਾ ਤੋਹਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਬੋਰਡ ਦਾ ਮਕਸਦ ਸਿੱਖ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਅਤੇ ਹਰ ਸੰਭਵ ਮਦਦ ਕਰਨਾ ਹੋਵੇਗਾ। ਜਲਦ ਹੀ ਇਸ ਬੋਰਡ ਨੂੰ ਜ਼ਮੀਨੀ ਪੱਧਰ 'ਤੇ ਹੋਂਦ ਵਿਚ ਲਿਆਂਦਾ ਜਾਵੇਗਾ ਅਤੇ ਸੰਭਾਵੀ ਤੌਰ 'ਤੇ ਇਸ ਲਈ ਬਜਟ ਆਦਿ ਵੀ ਰੱਖਿਆ ਜਾਵੇਗਾ।