
ਕੇਜੀ ਮਾਰਗ ਦੀ ਨਵੀਂ ‘ਗ੍ਰੀਨ ਬਿਲਡਿੰਗ’ ਵਿਚ ਤਬਦੀਲ ਹੋਣਗੇ 3 ਮੰਤਰਾਲੇ
ਨਵੀਂ ਦਿੱਲੀ: ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਥੇ ਕਸਤੂਰਬਾ ਗਾਂਧੀ ਮਾਰਗ 'ਤੇ ਇਕ ਦਫਤਰ ਕੰਪਲੈਕਸ ਦਾ ਉਦਘਾਟਨ ਕੀਤਾ, ਜਿਸ ਵਿਚ ਕਿਰਤ ਅਤੇ ਰੁਜ਼ਗਾਰ, ਬਿਜਲੀ ਅਤੇ ਬੰਦਰਗਾਹਾਂ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗਾਂ ਮੰਤਰਾਲਿਆਂ ਨੂੰ ਤਬਦੀਲ ਕੀਤਾ ਜਾਵੇਗਾ, ਜੋ ਫਿਲਹਾਲ ਸ਼੍ਰਮ ਸ਼ਕਤੀ ਭਵਨ ਅਤੇ ਟਰਾਂਸਪੋਰਟ ਭਵਨ ਵਿਚ ਸਥਿਤ ਹਨ। ਅਗਲੇ ਕੁਝ ਦਿਨਾਂ ਵਿਚ ਇਨ੍ਹਾਂ ਮੰਤਰਾਲਿਆਂ ਦੇ ਦਫ਼ਤਰ ਇਸ ਨਵੀਂ ਇਮਾਰਤ ਵਿਚ ਸ਼ਿਫਟ ਹੋਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ (ਦੇਖੋ ਵੀਡੀਓ)
ਸਰਕਾਰ ਆਪਣੇ ਅਭਿਲਾਸ਼ੀ ਸੈਂਟਰਲ ਵਿਸਟਾ ਪੁਨਰ-ਵਿਕਾਸ ਪ੍ਰਾਜੈਕਟ ਤਹਿਤ, ਸ਼੍ਰਮ ਸ਼ਕਤੀ ਭਵਨ ਅਤੇ ਟਰਾਂਸਪੋਰਟ ਭਵਨ ਨੂੰ ਢਾਹ ਕੇ ਉੱਥੇ ਸੰਸਦ ਮੈਂਬਰਾਂ ਲਈ ਇਕ ਦਫ਼ਤਰ ਕੰਪਲੈਕਸ ਬਣਾਏਗੀ। ਸੈਂਟਰਲ ਵਿਸਟਾ ਪ੍ਰਾਜੈਕਟ ਵਿਚ ਟਾਟਾ ਪ੍ਰਾਜੈਕਟਸ ਲਿਮਟਿਡ ਦੁਆਰਾ ਬਣਾਈ ਜਾ ਰਹੀ ਨਵੀਂ ਸੰਸਦ ਦੀ ਇਮਾਰਤ ਨਾਲ ਸੰਸਦ ਮੈਂਬਰਾਂ ਦੇ ਚੈਂਬਰਾਂ ਨੂੰ ਜੋੜਨ ਵਾਲੀ ਇਕ ਸੁਰੰਗ ਬਣਾਉਣ ਦੀ ਵੀ ਯੋਜਨਾ ਹੈ।
ਇਹ ਵੀ ਪੜ੍ਹੋ: ਅੰਬੇਡਕਰ ਸਾਹਿਬ ਦੇ ਦੇਸ਼ ਨੂੰ ਦਿੱਤੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ - ETO
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮੰਤਰਾਲੇ ਦੇ ਅਨੁਸਾਰ 61,454 ਵਰਗ ਮੀਟਰ ਦੇ ਖੇਤਰ ਵਿਚ ਫੈਲੀ, ਅਤਿ-ਆਧੁਨਿਕ ਨੌ ਮੰਜ਼ਿਲਾ ਇਮਾਰਤ ਵਿਚ ਤਿੰਨ ਕੈਬਨਿਟ ਮੰਤਰੀਆਂ, ਚਾਰ ਰਾਜ ਮੰਤਰੀਆਂ, ਤਿੰਨ ਸਕੱਤਰਾਂ ਅਤੇ 1,315 ਅਧਿਕਾਰੀਆਂ ਦੇ ਬੈਠਣ ਦੀ ਵਿਵਸਥਾ ਹੈ। ਮੰਤਰਾਲੇ ਅਨੁਸਾਰ ਹਰਦੀਪ ਸਿੰਘ ਪੁਰੀ ਨੇ ਕੇਜੀ ਮਾਰਗ 'ਤੇ ਸਥਿਤ ਇਕ ਹੋਰ ਦਫਤਰ ਕੰਪਲੈਕਸ ਦਾ ਉਦਘਾਟਨ ਕੀਤਾ ਹੈ, ਜਿਸ ਵਿਚ ਨੈਸ਼ਨਲ ਡਿਫੈਂਸ ਕਾਲਜ ਲਈ ਆਵਾਜਾਈ ਰਿਹਾਇਸ਼ ਹੋਵੇਗੀ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, "ਕੇਂਦਰੀ ਲੋਕ ਨਿਰਮਾਣ ਵਿਭਾਗ ਦੁਆਰਾ 351.37 ਕਰੋੜ ਰੁਪਏ ਦੀ ਮਨਜ਼ੂਰ ਲਾਗਤ ਦੇ ਮੁਕਾਬਲੇ ਇਹ ਪ੍ਰਜੈਕਟ 325 ਕਰੋੜ ਰੁਪਏ ਵਿਚ ਪੂਰਾ ਕੀਤਾ ਗਿਆ ਹੈ।"
ਇਹ ਵੀ ਪੜ੍ਹੋ: Fact Check: ਅਸ਼ੋਕ ਗਹਿਲੋਤ ਨੇ ਨਹੀਂ ਕੀਤਾ ਅੰਮ੍ਰਿਤਪਾਲ ਦਾ ਸਮਰਥਨ, ਵਾਇਰਲ ਦਾਅਵਾ ਗੁੰਮਰਾਹਕੁਨ ਹੈ
ਕੇਜੀ ਮਾਰਗ ਦੀ ਇਮਾਰਤ ਵਿਚ ਦੋ ਵੱਡੇ ਟਾਵਰ ਬਣਾਏ ਗਏ ਹਨ, ਜਿੱਥੇ ਇਕ ਟਾਵਰ ਵਿਚ ਨੈਸ਼ਨਲ ਡਿਫੈਂਸ ਕਾਲਜ ਦਾ ਹੋਸਟਲ ਅਤੇ ਦੂਜੇ ਟਾਵਰ ਵਿੱਚ ਤਿੰਨ ਮੰਤਰਾਲਿਆਂ ਦੇ ਦਫ਼ਤਰ ਕੰਮ ਕਰਨਗੇ। ਇਮਾਰਤ ਵਿਚ 600 ਵਾਹਨਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪੁਰੀ ਨੇ ਕਿਹਾ ਕਿ ਗ੍ਰੀਨ ਕਵਰੇਜ ਵਿਚ ਤਿੰਨ ਗੁਣਾ ਵਾਧੇ ਦੇ ਨਾਲ ਜ਼ਮੀਨੀ ਕਵਰੇਜ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਗਿਆ ਹੈ, ਹੋਰ ਖੁੱਲ੍ਹੀਆਂ ਹਰੀਆਂ ਥਾਵਾਂ ਲਈ ਰਾਹ ਪੱਧਰਾ ਕੀਤਾ ਗਿਆ ਹੈ। ਦੋਵੇਂ ਕਲੋਨੀਆਂ ਕਮਿਊਨਿਟੀ ਸੈਂਟਰ ਸਮੇਤ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਨ੍ਹਾਂ ਸਹੂਲਤਾਂ ਵਿਚ ਸ਼ਾਪਿੰਗ ਏਰੀਆ, ਇਨਡੋਰ ਪਲੇ ਏਰੀਆ, ਕਰੈਚ, ਸਿਲਾਈ ਸੈਂਟਰ, ਮੈਡੀਟੇਸ਼ਨ ਰੂਮ, ਆਂਗਨਵਾੜੀ, ਲਾਇਬ੍ਰੇਰੀ ਆਦਿ ਸ਼ਾਮਲ ਹਨ।