
ਚੋਕਸੀ ਨੇ ਜ਼ਮਾਨਤ ਦੀ ਕੀਤੀ ਮੰਗ
ਬ੍ਰਸੇਲਜ਼: ਪੰਜਾਬ ਨੈਸ਼ਨਲ ਬੈਂਕ (PNB) ਦੇ ਕਰਜ਼ਾ ਧੋਖਾਧੜੀ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੈਲਜੀਅਮ ਪੁਲਿਸ ਨੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੌਕਸੀ ਨੂੰ ਸ਼ਨੀਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਬੇਨਤੀ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਜੇਲ੍ਹ ਵਿੱਚ ਹੈ। ਭਾਰਤੀ ਜਾਂਚ ਏਜੰਸੀਆਂ ਨੇ ਬੈਲਜੀਅਮ ਦੇ ਅਧਿਕਾਰੀਆਂ ਨੂੰ ਇੱਕ ਰਸਮੀ ਪੱਤਰ ਭੇਜਿਆ ਸੀ, ਜਿਸ ਵਿੱਚ ਚੋਕਸੀ ਨੂੰ ਉਸ ਦੇਸ਼ ਵਿੱਚ ਦੇਖੇ ਜਾਣ ਤੋਂ ਬਾਅਦ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ, ਬੈਲਜੀਅਮ ਪੁਲਿਸ ਨੇ 23 ਮਈ 2018 ਅਤੇ 15 ਜੂਨ 2021 ਨੂੰ ਮੁੰਬਈ ਅਦਾਲਤ ਵੱਲੋਂ ਜਾਰੀ ਵਾਰੰਟਾਂ ਦੇ ਆਧਾਰ 'ਤੇ ਚੋਕਸੀ ਨੂੰ ਗ੍ਰਿਫ਼ਤਾਰ ਕੀਤਾ।
ਮੇਹੁਲ ਚੋਕਸੀ 'ਤੇ ਲਗਭਗ 14,000 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। 65 ਸਾਲਾ ਮੇਹੁਲ ਚੋਕਸੀ ਨੇ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਹੈ। ਈਟੀ ਦੀ ਰਿਪੋਰਟ ਦੇ ਅਨੁਸਾਰ, ਭਾਰਤ ਹੁਣ ਬੈਲਜੀਅਮ ਤੋਂ ਚੋਕਸੀ ਦੀ ਹਵਾਲਗੀ ਦੀ ਮੰਗ ਕਰੇਗਾ। ਚੋਕਸੀ ਦੇ ਨਾਲ, ਨੀਰਵ ਮੋਦੀ ਵੀ ਭਾਰਤ ਵਿੱਚ ਬੈਂਕ ਘੁਟਾਲੇ ਵਿੱਚ ਇੱਕ ਸਹਿ-ਮੁਲਜ਼ਮ ਹੈ। ਉਹ ਇਸ ਵੇਲੇ ਲੰਡਨ ਤੋਂ ਹਵਾਲਗੀ ਦੀ ਉਡੀਕ ਕਰ ਰਿਹਾ ਹੈ। ਇਹ ਦੋਵੇਂ ਜਨਵਰੀ 2018 ਵਿੱਚ ਭਾਰਤ ਤੋਂ ਭੱਜ ਗਏ ਸਨ। ਇਸ ਤੋਂ ਕੁਝ ਦਿਨਾਂ ਬਾਅਦ ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਵੱਡੇ ਘੁਟਾਲੇ ਦਾ ਪਤਾ ਲੱਗਿਆ।
ਚੋਕਸੀ ਨੇ ਜ਼ਮਾਨਤ ਦੀ ਕੀਤੀ ਮੰਗ
ਬੈਲਜੀਅਮ ਵਿੱਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ, ਮੇਹੁਲ ਚੋਕਸੀ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਹੈ। ਚੋਕਸੀ ਦੇ ਵਕੀਲ ਦਾ ਕਹਿਣਾ ਹੈ ਕਿ ਉਸਦਾ ਮੁਵੱਕਿਲ ਬਿਮਾਰ ਹੈ। ਇਸ ਲਈ ਉਸਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਵਕੀਲ ਨੇ ਕਿਹਾ ਕਿ ਚੋਕਸੀ ਇਲਾਜ ਲਈ ਐਂਟੀਗੁਆ ਅਤੇ ਬਾਰਬੁਡਾ ਤੋਂ ਬੈਲਜੀਅਮ ਆਇਆ ਸੀ ਅਤੇ ਆਪਣੀ ਪਤਨੀ ਪ੍ਰੀਤੀ ਚੋਕਸੀ ਨਾਲ ਐਂਟਵਰਪ ਵਿੱਚ ਰਹਿ ਰਿਹਾ ਸੀ। ਉਸਨੂੰ ਇੱਥੇ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ, ਭਾਰਤੀ ਏਜੰਸੀਆਂ ਸੀਬੀਆਈ ਅਤੇ ਈਡੀ ਨੇ ਬੈਲਜੀਅਮ ਦੀ ਅਦਾਲਤ ਵਿੱਚ ਚੋਕਸੀ ਦੀ ਜ਼ਮਾਨਤ ਨੂੰ ਰੋਕਣ ਅਤੇ ਉਸਦੀ ਹਵਾਲਗੀ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਏਜੰਸੀਆਂ ਚੋਕਸੀ ਨੂੰ ਭਾਰਤ ਵਾਪਸ ਲਿਆਉਣ ਅਤੇ ਉਸ 'ਤੇ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਂਕਿ, ਚੋਕਸੀ ਦੀ ਨਾਗਰਿਕਤਾ, ਡਾਕਟਰੀ ਸਥਿਤੀ ਅਤੇ ਕਾਨੂੰਨੀ ਪ੍ਰਕਿਰਿਆ ਦੇ ਕਾਰਨ ਇਹ ਆਸਾਨ ਨਹੀਂ ਹੋਵੇਗਾ।