
ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਦਦ ਦੇ ਨਾਮ 'ਤੇ ਕੋਈ ਕਾਲਾਬਾਜ਼ਾਰੀ ਤਾਂ ਨਹੀਂ ਹੋਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਖਤਰਨਾਕ ਲਹਿਰ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਭਾਰਤੀ ਯੂਥ ਕਾਂਗਰਸ ਦੇ ਮੁਖੀ ਸ੍ਰੀਨਿਵਾਸ ਬੀਵੀ ਕੋਲੋਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਕੀਤੀ। ਪੁਲਿਸ ਨੇ ਉਹਨਾਂ ਵਲੋਂ ਉਪਲੱਬਧ ਕਰਵਾਏ ਜਾ ਰਹੇ ਆਕਸੀਜਨ ਸਿਲੰਡਰਾਂ, ਦਵਾਈਆਂ, ਟੀਕਿਆਂ ਦੇ ਸਰੋਤ ਬਾਰੇ ਜਵਾਬ ਮੰਗੇ। ਪੁਲਿਸ ਦਾ ਕਹਿਣਾ ਹੈ ਕਿ ਉਹ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਦਦ ਦੇ ਨਾਮ 'ਤੇ ਕੋਈ ਕਾਲਾਬਾਜ਼ਾਰੀ ਤਾਂ ਨਹੀਂ ਹੋਈ ਹੈ।
Srinivas BV
ਕਾਰਵਾਈ ਮਗਰੋਂ ਸ੍ਰੀਨਿਵਾਸ ਨੇ ਕੀਤਾ ਟਵੀਟ
ਪੁਲਿਸ ਦੀ ਇਸ ਕਾਰਵਾਈ ਮਗਰੋਂ ਸ੍ਰੀਨਿਵਾਸ ਨੇ ਟਵੀਟ ਕਰਕੇ ਕਿਹਾ, ਉਹਨਾਂ ਦਾ ਜੋ ਫਰਜ਼ ਹੈ ਉਹ ਅਹਲ-ਏ-ਸਿਆਸਤ ਜਾਣੇ, ਸਾਡਾ ਕੰਮ ਮੁਹੱਬਤ ਹੈ, ਜਿੱਥੇ ਤੱਕ ਪਹੁੰਚੇ।
Tweet
ਰਾਹੁਲ ਗਾਂਧੀ ਨੇ ਕੀਤਾ ਟਵੀਟ
ਉਹਨਾਂ ਦੇ ਇਸ ਟਵੀਟ 'ਤੇ ਲੋਕਾਂ ਵੱਲੋਂ ਕਾਫ਼ੀ ਕੁਮੈਂਟ ਕੀਤੇ ਜਾ ਰਹੇ ਹਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਕਾਂਗਰਸ ਸਮੇਤ ਹੋਰ ਕਈ ਲੋਕ ਇਸ ਦੀ ਅਲੋਚਨਾ ਵੀ ਕਰ ਰਹੇ ਹਨ। ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਤੋਂ ਬਾਅਦ ਟਵੀਟ ਕਰਦਿਆਂ ਕਿਹਾ, ‘ਬਚਾਉਣ ਵਾਲਾ ਹਮੇਸ਼ਾਂ ਮਾਰਨ ਵਾਲੇ ਨਾਲੋਂ ਵੱਡਾ ਹੁੰਦਾ ਹੈ’।
Randeep Surjewala
ਬਦਲਾਖੋਰੀ ਵਾਲੀ ਕਾਰਵਾਈ ਤੋਂ ਨਾ ਅਸੀਂ ਡਰਾਂਗੇ, ਨਾ ਸਾਡਾ ਜਜ਼ਬਾ ਟੁੱਟੇਗਾ- ਰਣਦੀਪ ਸੁਰਜੇਵਾਲਾ
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ, "ਯੂਥ ਕਾਂਗਰਸ ਪ੍ਰਧਾਨ ਬੀਵੀ ਸ੍ਰੀਨਿਵਾਸ ਕੋਲ ਦਿੱਲੀ ਪੁਲਿਸ ਨੂੰ ਭੇਜ ਕੇ ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ਤੋਂ ਰੋਕਣਾ ਮੋਦੀ ਸਰਕਾਰ ਦਾ ਭਿਆਨਕ ਚਿਹਰਾ ਹੈ। ਅਜਿਹੀ ਬਦਲਾਖੋਰੀ ਵਾਲੀ ਕਾਰਵਾਈ ਤੋਂ ਨਾ ਅਸੀਂ ਡਰਾਂਗੇ, ਨਾ ਸਾਡਾ ਜਜ਼ਬਾ ਟੁੱਟੇਗਾ, ਸਗੋਂ ਸੇਵਾ ਦਾ ਸੰਪਕਲ ਤੇ ਇਰਾਦਾ ਹੋਰ ਮਜ਼ਬੂਤ ਹੋਵੇਗਾ।
Srinivas BV
ਦੱਸ ਦੇਈਏ ਕਿ ਸ੍ਰੀਨਿਵਾਸ ਬੀਵੀ ਦੀ ਟੀਮ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਕਰਨਾਟਕ, ਛੱਤੀਸਗੜ੍ਹ, ਝਾਰਖੰਡ ਸਮੇਤ ਕਈ ਸੂਬਿਆਂ 'ਚ ਜ਼ਰੂਰਤਮੰਦਾਂ ਦੀ ਮਦਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀਨਿਵਾਸ ਨੇ ਪਿਛਲੇ ਸਾਲ ਵੀ ਲਾਕਡਾਊਨ ਸਮੇਂ ਦਿੱਲੀ ਸਥਿਤ ਯੂਥ ਕਾਂਗਰਸ ਦੇ ਦਫ਼ਤਰ ਨੂੰ ਰਸੋਈ 'ਚ ਤਬਦੀਲ ਕਰਕੇ ਲੋਕਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਸੀ।