
ਗੁਜਰਾਤ ਦੇ ਅਮਰੇਲੀ ਵਿਚ ਵਾਪਰੀ ਇਕ ਹਫ਼ਤੇ ਵਿਚ ਤੀਜੀ ਘਟਨਾ
ਅਮਰੇਲੀ : ਗੁਜਰਾਤ ਦੇ ਅਮਰੇਲੀ 'ਚ ਐਤਵਾਰ ਨੂੰ ਚੀਤੇ ਦੇ ਹਮਲੇ 'ਚ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਅਮਰੇਲੀ ਪਿੰਡ ਵਿਚ ਇੱਕ ਹਫ਼ਤੇ ਵਿਚ ਬੱਚਿਆਂ 'ਤੇ ਜਾਨਵਰਾਂ ਦੇ ਹਮਲੇ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚੀਤੇ ਦੇ ਹਮਲੇ 'ਚ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। ਅਗਲੇ ਦਿਨ ਮੰਗਲਵਾਰ ਨੂੰ ਸ਼ੇਰਨੀ ਨੇ ਪੰਜ ਮਹੀਨੇ ਦੇ ਬੱਚੇ ਨੂੰ ਮਾਰ ਦਿਤਾ।
ਤਾਜ਼ਾ ਘਟਨਾ ਰਾਜੂਲਾ ਰੇਂਜ ਦੇ ਜੰਗਲਾਤ ਅਧੀਨ ਪੈਂਦੇ ਪਿੰਡ ਕਟਾਰ ਵਿਚ ਵਾਪਰੀ। ਹਾਦਸੇ ਦੇ ਸਮੇਂ ਬੱਚਾ ਅਪਣੇ ਪ੍ਰਵਾਰ ਨਾਲ ਸੁੱਤਾ ਹੋਇਆ ਸੀ। ਤੇਂਦੁਏ ਨੇ ਬੱਚੇ ਨੂੰ ਗਲੇ ਤੋਂ ਫੜ੍ਹ ਲਿਆ ਅਤੇ ਨੇੜੇ ਦੀਆਂ ਝਾੜੀਆਂ ਵਿਚ ਲੈ ਗਿਆ। ਪਰਿਵਾਰਕ ਮੈਂਬਰਾਂ ਨੇ ਜਿਵੇਂ ਹੀ ਰੌਲਾ ਪਾਇਆ ਤਾਂ ਤੇਂਦੁਆ ਬੱਚੇ ਨੂੰ ਉਥੇ ਹੀ ਛੱਡ ਕੇ ਭੱਜ ਗਿਆ। ਪਰਿਵਾਰਕ ਮੈਂਬਰ ਬੱਚੇ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ
ਜ਼ਿਕਰਯੋਗ ਹੈ ਕਿ 8 ਅਤੇ 9 ਮਈ ਨੂੰ ਅਮਰੋਲੀ ਜ਼ਿਲ੍ਹੇ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਬੱਚਿਆਂ ਨੂੰ ਇਕ ਸ਼ੇਰਨੀ ਅਤੇ ਇਕ ਚੀਤੇ ਨੇ ਮਾਰ ਦਿਤਾ ਸੀ। ਇਨ੍ਹਾਂ ਹਮਲਿਆਂ ਵਿਚ ਮਰਨ ਵਾਲਾ ਇਕ ਬੱਚਾ ਸਿਰਫ਼ ਪੰਜ ਮਹੀਨੇ ਦਾ ਸੀ, ਜਦੋਂ ਕਿ ਦੂਜੇ ਦੀ ਉਮਰ ਤਿੰਨ ਸਾਲ ਸੀ। 14 ਮਈ ਨੂੰ ਵਾਪਰੀ ਇਸ ਘਟਨਾ ਵਿਚ ਇਕ 2 ਸਾਲਾ ਬੱਚੇ ਦੀ ਜਾਨ ਚਲੀ ਗਈ ਹੈ।
ਜੰਗਲਾਤ ਦੇ ਡਿਪਟੀ ਕੰਜ਼ਰਵੇਟਰ ਜੈਨ ਪਟੇਲ ਨੇ ਦਸਿਆ ਕਿ ਪਹਿਲੀ ਘਟਨਾ ਸਾਵਰਕੁੰਡਲਾ ਤਾਲੁਕਾ ਦੇ ਕਰਜਲਾ ਪਿੰਡ ਦੀ ਹੈ। ਇਥੇ ਸੋਮਵਾਰ ਰਾਤ ਨੂੰ ਤੇਂਦੁਏ ਦੇ ਹਮਲੇ ਵਿਚ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਚੀਤੇ ਨੂੰ ਪਿੰਜਰੇ ਵਿਚ ਬੰਦ ਕਰ ਦਿਤਾ ਗਿਆ।