
ਚੋਪੜਾ ਭਾਰਤੀ ਫੌਜ ’ਚ ਸੂਬੇਦਾਰ ਮੇਜਰ ਸਨ
ਨਵੀਂ ਦਿੱਲੀ : ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ’ਚ ਲੈਫਟੀਨੈਂਟ ਕਰਨਲ ਦਾ ਸਨਮਾਨੀ ਅਹੁਦਾ ਦਿਤਾ ਗਿਆ ਹੈ। ਇਹ ਨੋਟੀਫਿਕੇਸ਼ਨ ਰੱਖਿਆ ਮੰਤਰਾਲੇ ਦੇ ਫੌਜੀ ਮਾਮਲਿਆਂ ਦੇ ਵਿਭਾਗ ਨੇ 13 ਮਈ ਨੂੰ ਜਾਰੀ ਕੀਤਾ ਸੀ।
ਹਰਿਆਣਾ ਦੇ ਪਾਣੀਪਤ ਨੇੜੇ ਖੰਡਰਾ ਪਿੰਡ ਦੇ ਰਹਿਣ ਵਾਲੇ 27 ਸਾਲ ਦੇ ਨੇਜਾ ਸੁੱਟ ਐਥਲੀਟ ਨੇ 2020 ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ 2024 ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਚੋਪੜਾ ਭਾਰਤੀ ਫੌਜ ’ਚ ਸੂਬੇਦਾਰ ਮੇਜਰ ਸਨ। ਪਤਾ ਲੱਗਾ ਹੈ ਕਿ ਉਹ ਇਸ ਸਾਲ ਰਿਟਾਇਰ ਹੋਣ ਵਾਲੇ ਸਨ।
ਚੋਪੜਾ ਮੌਜੂਦਾ ਵਿਸ਼ਵ ਚੈਂਪੀਅਨ ਹਨ, ਜਿਸ ਨੇ ਹੰਗਰੀ ਦੇ ਬੁਡਾਪੇਸਟ ’ਚ 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਕ੍ਰਿਕਟਰ ਐਮ.ਐਸ. ਧੋਨੀ ਨੂੰ ਵੀ 2011 ’ਚ ਟੈਰੀਟੋਰੀਅਲ ਆਰਮੀ ’ਚ ਲੈਫਟੀਨੈਂਟ ਕਰਨਲ ਦਾ ਸਨਮਾਨੀ ਅਹੁਦਾ ਦਿਤਾ ਗਿਆ ਸੀ।