
ਰਾਜਧਾਨੀ ਦਿੱਲੀ ਵਿਚ ਗੰਧਲੀ ਹੋ ਚੁਕੀ ਹਵਾ ਨੂੰ ਸਾਫ਼ ਕਰਨ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਦਿਆਂ ਇਤਿਹਾਸਕ ਗੁਰਦਵਾਰਾ ....
ਨਵੀਂ ਦਿੱਲੀ, : ਰਾਜਧਾਨੀ ਦਿੱਲੀ ਵਿਚ ਗੰਧਲੀ ਹੋ ਚੁਕੀ ਹਵਾ ਨੂੰ ਸਾਫ਼ ਕਰਨ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਦਿਆਂ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਅੱਜ ਹਵਾ ਨੂੰ ਸ਼ੁਧ ਕਰਨ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ।
ਏਅਰ ਲੈੱਬ ਦੇ ਸਹਿਯੋਗ ਨਾਲ ਸ਼ੁਰੂ ਹੋਏ ਇਸ ਪ੍ਰਾਜੈਕਟ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਥਾਪਤ ਕੀਤੇ ਗਏ ਕੇਂਦਰ ਵਿਚ ਹਵਾ ਦੀ ਸ਼ੁਧਤਾ ਦਾ ਪੱਧਰ 30 ਹੈ ਜਦ ਕਿ ਕੇਂਦਰ ਦੇ ਬਾਹਰ ਇਹੀ ਪੱਧਰ 170 ਹੈ।
ਲੱਖੀਸ਼ਾਹ ਵਣਜਾਰਾ ਹਾਲ ਵਿਖੇ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ ਗੁਰੂ ਸਾਹਿਬਾਨ ਵਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੇ ਪਾਏ ਗਏ ਪੂਰਨਿਆਂ ਤੋਂ ਸੇਧ ਲੈ ਕੇ, ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਤੇ ਲੋਕਾਂ ਨੂੰ ਹਵਾ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸੁਚੇਤ ਕਰਨਾ ਵੀ ਪ੍ਰਾਜੈਕਟ ਦਾ ਉਦੇਸ਼ ਹੈ। ਹਵਾ ਦੀ ਸ਼ੁੱਧਤਾ ਲਈ ਹੀ ਕਮੇਟੀ ਵਲੋਂ ਸੋਰ ਊਰਜਾ ਰਾਹੀਂ ਬਿਜਲੀ ਬਣਾਉਣ ਦੀ ਪਹਿਲ ਕੀਤੀ ਜਾ ਚੁਕੀ ਹੈ ਤਾ ਕਿ ਗੁਰੂ ਦੀ ਗੋਲਕ 'ਤੇ ਵੀ ਬਿਜਲੀ ਬਿਲ ਦਾ ਬੋਝ ਘੱਟ ਪਵੇ।
ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਕਈ ਹੋਰ ਵਾਤਾਵਰਨ ਹਿਤੈਸ਼ੀਆਂ ਨੇ ਆਪਣੇ ਵਿਚਾਰ ਰੱਖੇ।ਦਿੱਲੀ ਗੁਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰੀ ਵਾਤਾਵਰਨ ਮੰਤਰੀ ਡਾ.ਹਰਸ਼ਵਰਧਨ ਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਪ੍ਰਾਜੈਕਟ ਨੂੰ ਵੇਖ ਕੇ,
ਦਿੱਲੀ ਦੀ ਹਵਾ ਨੂੰ ਸ਼ੁਧ ਰੱਖਣ ਦੇ ਉਪਰਾਲੇ ਕਰਨ ਦੀ ਲੋੜ ਹੈ। ਸ.ਸਿਰਸਾ ਨੇ ਕਿਹਾ ਕਿ ਹਵਾ ਵਿਚ ਵੱਧ ਰਹੇ ਗੰਧਲੇ ਕਣਾਂ ਕਾਰਨ ਪਿਛਲੇ ਸਾਲ ਕਮੇਟੀ ਵਲੋਂ ਲੋਕਾਂ ਨੂੰ ਮੁਫ਼ਤ ਮਾਸਕ ਵੀ ਵੰਡੇ ਗਏ ਸਨ। ਰਾਣਾ ਗੁਰਮੀਤ ਸਿੰਘ ਸੋਢੀ ਨੇ ਸਮਾਜਕ ਜੱਥੇਬੰਦੀਆਂ ਨੂੰ ਸੱਦਾ ਦਿਤਾ ਕਿ ਉਹ ਵਾਤਾਵਰਨ ਨੂੰ ਬਚਾਉਣ ਲਈ ਅੱਗੇ ਆਉਣ ਤੇ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ ਸਣੇ ਹੋਰ ਵੀ ਸ਼ਾਮਲ ਹੋਏ।