
ਗੋਲਡ ETF ਵਿਚ ਹੋਇਆ 815 ਕਰੋੜ ਦਾ ਨਿਵੇਸ਼
ਨਵੀਂ ਦਿੱਲੀ : ਕਰੋਨਾ ਕਾਲ ਦੌਰਾਨ ਦੁਨੀਆਂ ਭਰ ਅੰਦਰ ਜਿੱਥੇ ਆਰਥਕ ਸੰਕਟ ਗਹਿਰਾਉਂਦਾ ਜਾ ਰਿਹਾ ਹੈ ਉਥੇ ਸੋਨਾ ਅਪਣੀ ਚਮਕ ਬਰਕਰਾਰ ਰੱਖਣ ਵਿਚ ਸਫ਼ਲ ਸਾਬਤ ਹੋ ਰਿਹਾ ਹੈ। ਆਰਥਕ ਮੰਦੀ ਦੀ ਆਹਟ ਕਾਰਨ ਸ਼ੇਅਰ ਬਾਜ਼ਾਰ ਅੰਦਰ ਵੱਡੀ ਉਥਲ ਪੁਥਲ ਵੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਸੋਨਾ ਅਪਣੀ ਕੀਮਤ ਬਰਕਰਾਰ ਰੱਖਣ ਦੇ ਨਾਲ-ਨਾਲ ਨਿਵੇਸ਼ਕਾਂ ਦਾ ਧਿਆਨ ਖਿੱਚਣ 'ਚ ਸਫ਼ਲ ਰਿਹਾ ਹੈ। ਕਰੋਨਾ ਕਾਲ ਦੌਰਾਨ ਵੀ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਬਦਲ ਵਜੋਂ ਵੇਖ ਰਹੇ ਹਨ।
Gold
ਇਹੀ ਕਾਰਨ ਹੈ ਕਿ ਸ਼ੇਅਰ ਬਾਜ਼ਾਰ ਵਿਚ ਭਾਰੀ ਉਥਲ-ਪੁਥਲ ਦਰਮਿਆਨ ਮਈ ਮਹੀਨੇ 'ਚ ਗੋਲਡ ਐਕਸਚੇਂਜ ਟ੍ਰੇਡੈਡ ਫੰਡ (ਈਟੀਐਫ) ਵਿਚ 815 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਦੀ ਵਜ੍ਹਾ ਨਿਵੇਸ਼ਕਾਂ ਵਲੋਂ ਸੋਨੇ ਨੂੰ ਸੁਰੱਖਿਅਤ ਬਦਲ ਵਜੋਂ ਵੇਖਣਾ ਹੈ।
Gold
ਪਿਛਲੇ ਸਾਲ ਇਸ ਸ਼੍ਰੇਣੀ ਦਾ ਪ੍ਰਦਰਸ਼ਨ ਬਾਕੀ ਜਾਇਦਾਦਾਂ ਦੇ ਮੁਕਾਬਲੇ ਬਿਹਤਰ ਰਿਹਾ ਹੈ। ਅਗੱਸਤ 2019 'ਚ ਗੋਲਡ ਈਟੀਐਫ 'ਚ ਕੁੱਲ 3299 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇਸੇ ਦੌਰਾਨ ਈਟੀਐਫ਼ ਤੋਂ ਇਲਾਵਾ ਸਾਵਰੇਨ ਗੋਲਡ 'ਚ ਵੀ ਨਿਵੇਸ਼ਕਾਂ ਦੀ ਰੁਚੀ ਵਧੀ ਹੈ।
Gold
ਐਸੋਸੀਏਸ਼ਨ ਆਫ਼ ਮੈਚੂਅਲ ਫ਼ੰਡਸ ਇਨ ਇੰਡੀਆ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਵਿਚ ਗੋਲਡ ਈਟੀਐਫ਼ 'ਚ ਸ਼ੁਭ ਨਿਵੇਸ਼ 815 ਕਰੋੜ ਰਿਹਾ ਹੈ। ਅਪ੍ਰੈਲ ਮਹੀਨੇ ਦੌਰਾਨ ਇਸ ਵਿਚ 731 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਹਾਲਾਂਕਿ ਮਾਰਚ ਮਹੀਨੇ ਦੌਰਾਨ ਇਸ ਵਿਚੋਂ 195 ਕਰੋੜ ਦੀ ਨਿਕਾਸੀ ਵੀ ਹੋਈ ਸੀ।
Gold
ਇਸ ਤੋਂ ਪਹਿਲਾਂ ਫ਼ਰਵਰੀ ਵਿਚ ਗੋਲਡ ਈਟੀਐਫ ਵਿਚ 1483 ਕਰੋੜ ਰੁਪਏ ਅਤੇ ਜਨਵਰੀ ਮਹੀਨੇ ਵਿਚ 202 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇਸੇ ਤਰ੍ਹਾਂ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਇਸ ਵਿਚ 27 ਕਰੋੜ ਰੁਪਏ ਅਤੇ ਨਵੰਬਰ 'ਚ 7.68 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਇਸ ਦੌਰਾਨ ਅਕਤੁਬਰ ਮਹੀਨੇ ਵਿਚ ਨਿਵੇਸ਼ਕਾਂ ਨੇ ਇਸ ਵਿਚੋਂ 31.45 ਕਰੋੜ ਰੁਪਏ ਕੱਢੇ ਵੀ ਸਨ।
Gold
ਕਾਬਲੇਗੌਰ ਹੈ ਕਿ ਕਰੋਨਾ ਵਾਇਰਸ ਦੀ ਵਜ੍ਹਾ ਨਾਲ ਸ਼ੇਅਰ ਬਾਜ਼ਾਰ ਵਿਚ ਕਰੀਬ 20 ਫ਼ੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆ ਚੁੱਕੀ ਹੈ। ਇਸ ਕਾਰਨ ਸੋਨੇ 'ਚ ਨਿਵੇਸ਼ਕਾਂ ਦੀ ਲਗਾਤਾਰ ਵਧਦੀ ਜਾ ਰਹੀ ਹੈ। ਜਨਵਰੀ 2019 ਤੋਂ ਹੁਣ ਤਕ ਗੋਲਡ 'ਚੋਂ ਤਕਰੀਬਨ 35 ਫ਼ੀ ਸਦੀ ਤਕ ਰਿਟਰਨ ਦਰਜ ਕੀਤੀ ਗਈ ਹੈ। ਵੈਸੇ ਵੀ ਸੋਨੇ ਨੂੰ ਨਿਵੇਸ਼ ਦੇ ਲਿਹਾਜ਼ ਨਾਲ ਸਭ ਤੋਂ ਸੁਰੱਖਿਅਤ ਰਸਤਾ ਮੰਨਿਆ ਜਾਂਦਾ ਹੈ। ਕਰੋਨਾ ਕਾਲ ਦੌਰਾਨ ਸੋਨੇ ਨੇ ਅਪਣੀ ਚਮਕ ਬਰਕਰਾਰ ਰੱਖ ਕੇ ਇਸ ਮਿੱਥ ਨੂੰ ਸੱਚ ਸਾਬਤ ਕਰ ਵਿਖਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ