
ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਤੋੜਨ ਦੀ ਕੀਮਤ ਇੰਦਰਾ ਨੂੰ ਚੁਕਾਉਣੀ ਪਈ ਸੀ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਮੋਦੀ ਹਕੂਮਤ ਵਲੋਂ ਸਿੱਧੇ-ਅਸਿੱਧੇ ਤੌਰ 'ਤੇ ਕਰਨਾਟਕਾ, ਗੋਆ ਵਿਚ ਸਰਕਾਰਾਂ ਪਲਟਾਉਣ ਦੀ ਰਾਜਨੀਤੀ ਨੂੰ ਸਿਆਸੀ ਮਾਹਰ ਇੰਦਰਾ ਗਾਂਧੀ ਤੇ ਚੌਧਰੀ ਚਰਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਦਿਨਾਂ ਨੂੰ ਯਾਦ ਕਰ ਰਹੇ ਹਨ। ਇੰਦਰਾ ਗਾਂਧੀ ਨੇ 1967 ਵਿਚ ਕੇਰਲਾ 'ਚ ਈ ਐਮ ਐਸ ਨੰਬੂਦਰੀਪਾਦ ਚੁਣੀ ਸਰਕਾਰ ਨੂੰ ਤੋੜਿਆ।
ਜੰਤਾ ਪਾਰਟੀ ਦੀ ਸਰਕਾਰ 1977 ਵਿਚ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਬਣੀ। ਉਸ ਵੇਲੇ ਚੌ. ਚਰਨ ਸਿੰਘ ਭਾਰਤ ਦੇ ਗ੍ਰਹਿ-ਮੰਤਰੀ ਸਨ। ਉਨ੍ਹਾਂ ਉਸ ਵੇਲੇ, ਵਿਰੋਧੀ ਧਿਰ ਨਾਲ ਸਬੰਧਤ 9 ਸੂਬਿਆਂ ਦੀਆਂ ਸਰਕਾਰਾਂ ਭੰਗ ਕੀਤੀਆਂ। ਉਪਰੰਤ 1980 ਵਿਚ ਮੁੜ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ। ਉਸ ਨੇ ਵੀ ਜੰਤਾ ਪਾਰਟੀ ਦੀਆਂ 9 ਸੂਬਿਆਂ ਦੀਆਂ ਚੁਣੀਆਂ ਸਰਕਾਰਾਂ ਤੋੜੀਆਂ। ਇਸ ਕਾਰਜ ਨਾਲ ਲੋਕਤੰਤਤਰ ਦੀਆਂ ਧੱਜੀਆਂ ਉਡੀਆਂ।
Chaudhary Charan Singh
ਉਸ ਵੇਲੇ ਇੰਦਰਾ ਗਾਂਧੀ ਨੇ ਅਪਣੀ ਪਾਰਟੀ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨੁਕਰੇ ਲਾਉਣ ਦੀ ਰਾਜਨੀਤੀ ਸ਼ੁਰੂ ਕੀਤੀ। ਇਸ ਤੰਗ ਸਿਆਸੀ ਸੋਚ ਨਾਲ ਖਰਲ ਸਿਆਸਤਦਾਨਾਂ ਨੂੰ ਇੰਦਰਾ ਗਾਂਧੀ ਨੇ ਨੁਕਰੇ ਲਾ ਦਿਤਾ ਤੇ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਤਰਜੀਹ ਦਿਤੀ ਜਿਸ ਦਾ ਸਿੱਟਾ ਇਹ ਹੈ ਕਿ ਅੱਜ ਕਾਂਗਰਸ ਦੀ ਦੇਸ਼ ਭਰ ਵਿਚ ਹਾਲਤ ਬੇਹੱਦ ਪਤਲੀ ਹੋ ਚੁਕੀ ਹੈ।
Indra Gandhi, Narender Modi
ਸਿਆਸੀ ਮਾਹਰਾਂ ਮੁਤਾਬਕ ਹੁਣ ਭਾਜਪਾ ਹਕੂਮਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹੋ ਗ਼ਲਤੀਆਂ ਕਰ ਰਹੇ ਹਨ ਜੋ ਕਿਸੇ ਵੇਲੇ ਇੰਦਰਾ ਗਾਂਧੀ ਨੇ ਕਰ ਕੇ ਜਮਹੂਰੀਅਤ ਦਾ ਜਨਾਜ਼ਾ ਕੱਢ ਦਿਤਾ ਸੀ। ਇਹ ਵੀ ਚਰਚਾ ਹੈ ਕਿ ਇੰਦਰਾ ਗਾਂਧੀ ਵਾਂਗ ਹੀ ਨਰਿੰਦਰ ਮੋਦੀ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ ਤੇ ਹੋਰ ਆਗੂ ਘਰਾਂ ਵਿਚ ਬੈਠਾ ਦਿਤੇ ਤੇ ਉਨ੍ਹਾਂ ਤੋਂ ਜੂਨੀਅਰ ਅਤੇ ਸੇਵਾਮੁਕਤ ਅਫ਼ਸਰਾਂ ਨੂੰ ਅਹਿਮ ਅਸਾਮੀਆਂ 'ਤੇ ਬਿਠਾ ਦਿਤਾ।
ਸਿਆਸੀ ਪੰਡਤਾਂ ਮੁਤਾਬਕ ਭਾਰਤ ਨੂੰ ਇਸ ਵੇਲੇ ਮਜ਼ਬੂਤ ਲੋਕਤੰਤਰ ਦੀ ਲੋੜ ਹੈ। ਪਾਏਦਾਰ ਵਿਰੋਧੀ ਧਿਰ ਦਾ ਹੋਣਾ ਬੇ-ਹੱਦ ਜ਼ਰੂਰੀ ਹੈ। ਕਮਜ਼ੋਰ ਵਿਰੋਧੀ ਧਿਰ ਨਾਲ ਜਮਹੂਰੀਅਤ ਦੀਆਂ ਤੰਦਾਂ ਮੁਲਕ ਨੂੰ ਸੇਧ ਦੇਣ ਵਿਚ ਨਾਕਾਮ ਰਹਿਣਗੀਆਂ।