ਬਿਹਾਰ ’ਚ ਬੇਰੁਜ਼ਗਾਰੀ ਅਤੇ ਪਰਵਾਸ ਦੇ ਮੁੱਦਿਆਂ ਨੂੰ ਲੈ ਕੇ ਐਨ.ਡੀ.ਏ. ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਬੇਗੂਸਰਾਏ: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ ਬਿਹਾਰ ’ਚ ਬੇਰੁਜ਼ਗਾਰੀ ਅਤੇ ਪਰਵਾਸ ਦੇ ਮੁੱਦਿਆਂ ਨੂੰ ਲੈ ਕੇ ਐਨ.ਡੀ.ਏ. ਸਰਕਾਰ ਉਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਸੂਬੇ ’ਚ ਕੋਈ ਡਬਲ ਇੰਜਣ ਵਾਲੀ ਸਰਕਾਰ ਨਹੀਂ ਹੈ ਕਿਉਂਕਿ ਸੱਭ ਕੁੱਝ ਦਿੱਲੀ ਤੋਂ ਹੀ ਚਲ ਰਿਹਾ ਹੈ।
ਇਸ ਸਾਲ ਬਿਹਾਰ ਚੋਣਾਂ ’ਚ ਬੇਗੂਸਰਾਏ ’ਚ ਅਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬੇ ’ਚ ਐਨ.ਡੀ.ਏ. ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ‘ਵੰਡਣ ਵਾਲੀ ਸਿਆਸਤ’ ਕਰ ਰਹੀ ਹੈ ਅਤੇ ‘ਝੂਠੇ ਰਾਸ਼ਟਰਵਾਦ’ ਦਾ ਪ੍ਰਚਾਰ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਬਿਹਾਰ ’ਚ ਕੋਈ ਡਬਲ ਇੰਜਣ ਸਰਕਾਰ ਨਹੀਂ ਹੈ, ਸਗੋਂ ਸਿਰਫ ਇਕ ਇੰਜਣ ਹੈ। ਹਰ ਚੀਜ਼ ਦਿੱਲੀ ਤੋਂ ਕੰਟਰੋਲ ਹੁੰਦੀ ਹੈ। ਨਾ ਤਾਂ ਤੁਹਾਡੀ ਗੱਲ ਸੁਣੀ ਜਾ ਰਹੀ ਹੈ ਅਤੇ ਨਾ ਹੀ ਤੁਹਾਡੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ।’’
ਵਾਡਰਾ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਐਸ.ਆਈ.ਆਰ. ਕਰਵਾ ਕੇ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਹੈ, ਜਿਸ ਨੇ ਸੂਬੇ ਵਿਚ 65 ਲੱਖ ਵੋਟਰਾਂ ਨੂੰ ਵੋਟਰ ਸੂਚੀਆਂ ’ਚੋਂ ਹਟਾ ਦਿਤਾ ਹੈ। ਉਨ੍ਹਾਂ ਨੇ ਬਿਹਾਰ ’ਚ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਵੋਟਰਾਂ ਦੇ ਨਾਂ ਮਿਟਾਉਣਾ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਵਾਡਰਾ ਨੇ ਭਾਜਪਾ ਉਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਪਹਿਲਾਂ ਲੋਕਾਂ ਨੂੰ ਵੰਡਿਆ, ਜੰਗ ਉਤੇ ਗਏ, ਪਰ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਹਟਾ ਸਕੇ, ਇਸ ਲਈ ਉਹ ਹੁਣ ਵੋਟ ਚੋਰੀ ਕਰ ਰਹੇ ਹਨ।
ਕਾਂਗਰਸੀ ਨੇਤਾ ਨੇ ਇਹ ਵੀ ਪੁਛਿਆ, ‘‘ਜਦੋਂ ਐਨ.ਡੀ.ਏ. ਦੇ ਚੋਟੀ ਦੇ ਨੇਤਾ ਇੱਥੇ ਆਉਂਦੇ ਹਨ ਤਾਂ ਉਹ ਕੀ ਗੱਲ ਕਰਦੇ ਹਨ? ਜਾਂ ਤਾਂ ਉਹ ਭਵਿੱਖ ਜਾਂ ਅਤੀਤ ਵਿਚ 20 ਸਾਲਾਂ ਬਾਰੇ ਗੱਲ ਕਰਦੇ ਹਨ। ਉਹ ਨਹਿਰੂ ਜੀ, ਇੰਦਰਾ ਜੀ ਦੀ ਆਲੋਚਨਾ ਕਰਦੇ ਹਨ, ਪਰ ਉਹ ਬੇਰੁਜ਼ਗਾਰੀ, ਪਰਵਾਸ ਵਰਗੇ ਮੁੱਦੇ ਨਹੀਂ ਉਠਾਉਂਦੇ।’’
ਉਨ੍ਹਾਂ ਅੱਗੇ ਕਿਹਾ, ‘‘ਮੈਂ ਅਤੀਤ ਬਾਰੇ ਵੀ ਗੱਲ ਕਰਦੀ ਹਾਂ। ਫੈਕਟਰੀਆਂ ਕਿਸ ਨੇ ਸਥਾਪਤ ਕੀਤੀਆਂ? ਆਈ.ਆਈ.ਟੀ. ਅਤੇ ਆਈ.ਆਈ.ਐਮ. ਕਿਸ ਨੇ ਸਥਾਪਿਤ ਕੀਤੇ? ਇਸ ਦਾ ਜਵਾਬ ਕਾਂਗਰਸ ਅਤੇ ਨਹਿਰੂ ਜੀ ਹੈ।’’ ਵਾਡਰਾ ਨੇ ਦੋਸ਼ ਲਾਇਆ ਕਿ ਐਨ.ਡੀ.ਏ. ਸਰਕਾਰ ਚੋਣਾਂ ਜਿੱਤਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ‘ਵੰਡਣ ਵਾਲੀ ਸਿਆਸਤ ਖੇਡ ਰਹੀ ਹੈ ਅਤੇ ਜਾਅਲੀ ਰਾਸ਼ਟਰਵਾਦ ਦਾ ਪ੍ਰਚਾਰ ਕਰ ਰਹੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਨੇ ਦੇਸ਼ ਦੇ ਵਿਕਾਸ ’ਚ ਬਹੁਤ ਵੱਡਾ ਯੋਗਦਾਨ ਪਾਇਆ ਪਰ ਸੂਬੇ ਦਾ ਵਿਕਾਸ ਓਨਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ।
