ਮਾਮਲੇ ਵਿਚ ਹੁਣ ਤੱਕ ਹੋਈਆਂ ਕੁੱਲ 22 ਗ੍ਰਿਫ਼ਤਾਰੀਆਂ
ਕਾਨਪੁਰ: 1984 ਸਿੱਖ ਨਸਲਕੁਸ਼ੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਹੁਣ ਤੱਕ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸਿੱਖ ਨਸਲਕੁਸ਼ੀ ਦੇ 38 ਸਾਲਾਂ ਬਾਅਦ ਐਸਆਈਟੀ ਨੇ ਇਹਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਕੇ ਪੀੜਤਾਂ ਨੂੰ ਇਨਸਾਫ਼ ਦੀ ਉਮੀਦ ਜਗਾਈ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਵਿਚ ਚੰਦਰ ਪ੍ਰਤਾਪ ਸਿੰਘ ਪੁੱਤਰ ਸ਼ਿਵਪ੍ਰਤਾਪ ਸਿੰਘ ਉਮਰ 67 ਸਾਲ, ਗੁੱਡੂ ਉਰਫ਼ ਅਨਿਲ ਨਿਗਮ ਪੁੱਤਰ ਰਾਮਭਜਨ ਨਿਗਮ ਉਮਰ 61 ਸਾਲ ਅਤੇ ਰਾਮਚੰਦਰ ਪਾਲ ਪੁੱਤਰ ਸੈਯਦੀਨ ਪਾਲ ਉਮਰ 66 ਸਾਲ ਸ਼ਾਮਲ ਹਨ।
ਵੀਰਵਾਰ ਨੂੰ SIT ਨੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਤਰ੍ਹਾਂ ਹੁਣ ਤੱਕ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਦੋ ਦਿਨ ਪਹਿਲਾਂ ਕਤਲ ਦੇ ਚਾਰ ਮਾਮਲਿਆਂ ਵਿਚ ਲੋੜੀਂਦੇ ਕੈਲਾਸ਼ ਪਾਲ ਨੇ ਆਤਮ ਸਮਰਪਣ ਕਰ ਦਿੱਤਾ ਸੀ।
ਇਸ ਤੋਂ ਪਹਿਲਾਂ ਬੀਤੇ ਦਿਨ ਸਿੱਖ ਨਸਲਕੁਸ਼ੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਥਿਤ ਤੌਰ 'ਤੇ ਉਸ ਭੀੜ ਦਾ ਹਿੱਸਾ ਸਨ, ਜਿਸ ਨੇ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਗਾ ਦਿੱਤੀ ਸੀ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। 1984 ਵਿਚ ਕਾਨਪੁਰ ਵਿਚ ਹੋਏ ਸਿੱਖ ਨਸਲਕੁਸ਼ੀ ਵਿਚ ਕੁੱਲ 127 ਲੋਕ ਮਾਰੇ ਗਏ ਸਨ।