
SIT ਨੇ ਹੁਣ ਤੱਕ ਕੁੱਲ 11 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ 1984 ਸਿੱਖ ਨਸਲਕੁਸ਼ੀ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਵਿਚ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਬਲੇਂਦਰ ਭੂਸ਼ਣ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ 'ਚ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਬੁੱਧਵਾਰ ਨੂੰ 1984 ਕਤਲੇਆਮ ਦੇ ਸਿਲਸਿਲੇ 'ਚ ਪੰਜ ਮੁਲਜ਼ਮਾਂ- ਜਾਟਵ, ਰਮੇਸ਼ ਚੰਦਰ ਦੀਕਸ਼ਿਤ, ਰਵੀ ਸ਼ੰਕਰ ਮਿਸ਼ਰਾ, ਭੋਲਾ ਕਸ਼ਯਪ ਅਤੇ ਗੰਗਾਬਖਸ਼ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਕਿਦਵਈ ਨਗਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ।
ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਹਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 396 (ਡਕੈਤੀ ਅਤੇ ਕਤਲ), 436 (ਘਰ ਨੂੰ ਢਾਹੁਣ ਦੇ ਇਰਾਦੇ ਨਾਲ ਵਿਸਫੋਟਕ ਸਮੱਗਰੀ ਦੀ ਵਰਤੋਂ) ਅਤੇ 326 (ਖਤਰਨਾਕ ਹਥਿਆਰਾਂ ਨਾਲ ਜਾਣਬੁੱਝ ਕੇ ਸੱਟ ਮਾਰਨ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਨਾਲ ਜ਼ਿਲ੍ਹੇ ਵਿਚ ਇਸ ਮਾਮਲੇ ਵਿਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 11 ਹੋ ਗਈ ਹੈ। ਦੋ ਦਿਨ ਪਹਿਲਾਂ ਐਸਆਈਟੀ ਨੇ ਮੁਬੀਨ ਸ਼ਾਹ ਅਤੇ ਅਮਰ ਸਿੰਘ ਨੂੰ ਸਿੱਖ ਕਤਲੇਆਮ ਦੇ ਮਾਮਲੇ ਵਿਚ ਕਿਦਵਈ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ 27 ਮਈ 2019 ਨੂੰ ਕਾਨਪੁਰ ਵਿਚ ਸਿੱਖ ਕਤਲੇਆਮ ਦੌਰਾਨ ਹੋਈਆਂ 127 ਮੌਤਾਂ ਦੇ ਮਾਮਲਿਆਂ ਦੀ ਮੁੜ ਜਾਂਚ ਲਈ SIT ਦਾ ਗਠਨ ਕੀਤਾ ਗਿਆ ਸੀ। ਸਿੰਘ ਨੇ ਕਿਹਾ ਕਿ ਕਤਲੇਆਮ ਦੇ ਹੋਰ ਭਗੌੜੇ ਸਾਜ਼ਿਸ਼ਕਾਰਾਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ।
ਉਹਨਾਂ ਕਿਹਾ ਕਿ ਐਸਆਈਟੀ ਨੇ ਪਹਿਲਾਂ 96 ਮੁੱਖ ਸ਼ੱਕੀਆਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਵਿਚੋਂ 22 ਦੀ ਮੌਤ ਹੋ ਚੁੱਕੀ ਹੈ। ਐਸਆਈਟੀ ਕੁੱਲ 11 ਕੇਸਾਂ ਦੀ ਜਾਂਚ ਕਰ ਰਹੀ ਹੈ ਅਤੇ ਇਹਨਾਂ ਕੇਸਾਂ ਦੇ ਗਵਾਹਾਂ ਤੋਂ ਤੱਥ ਅਤੇ ਸਬੂਤ ਇਕੱਠੇ ਕਰ ਰਹੀ ਹੈ ਜੋ ਦਿੱਲੀ, ਪੰਜਾਬ ਅਤੇ ਰਾਜਸਥਾਨ ਵਿਚ ਵਸੇ ਹੋਏ ਹਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਤੇ 1984 ਕਤਲੇਆਮ ਦੌਰਾਨ ਨਿਰਾਲਾ ਨਗਰ 'ਚ ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਦੇ ਘਰ ਨੂੰ ਅੱਗ ਲਗਾਉਣ ਦਾ ਦੋਸ਼ ਹੈ। ਉਸ ਸਮੇਂ ਗੁਰਦਿਆਲ ਦੇ ਘਰ 'ਚ 12 ਪਰਿਵਾਰ ਕਿਰਾਏ 'ਤੇ ਰਹਿੰਦੇ ਸਨ। ਇਸ ਘਟਨਾ ਵਿਚ ਤਿੰਨ ਲੋਕ ਜ਼ਿੰਦਾ ਸੜ ਗਏ ਸਨ।