
ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਜਸ਼ਨ ਦੇ ਤਰੀਕੇ ਨੂੰ ਬਦਲਿਆ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਜਸ਼ਨ ਦੇ ਤਰੀਕੇ ਨੂੰ ਬਦਲਿਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਜਾਵੇਗਾ, ਪ੍ਰਧਾਨ ਮੰਤਰੀ ਵੀ ਮੌਜੂਦ ਰਹਿਣਗੇ ਪਰ ਕੋਰੋਨਾ ਕਾਰਨ ਕੁਝ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਨਹੀਂ ਹੋਣਗੀਆਂ।
Independence Day celebrations this year
ਇਸ ਵਾਰ ਹਰ ਸਾਲ ਦੀ ਤੁਲਨਾ ਵਿਚ ਮਹਿਮਾਨ ਘੱਟ ਹੋਣਗੇ, ਸੁਰੱਖਿਆ ਵਿਚ ਤੈਨਾਤ ਪੁਲਿਸ ਅਤੇ ਸੁਰੱਖਿਆ ਬਲ ਪੀਪੀਈ ਕਿੱਟ ਵਿਚ ਹੋਣਗੇ ਅਤੇ ਪਹੁੰਚਣ ਵਾਲੇ ਪੱਤਰਕਾਰਾਂ ਦੀ ਕੋਰੋਨਾ ਜਾਂਚ ਹੋਈ ਹੋਵੇਗੀ। ਤਿਆਰੀਆਂ ਵਿਚ ਜੁਟੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜ਼ਾਦੀ ਦਿਹਾੜਾ ਸਮਾਰੋਹ ਲਈ ਆਉਣ ਵਾਲੇ 140 ਮਹਿਮਾਨਾਂ ਵਿਚ ਕੈਬਨਿਟ ਮੰਤਰੀ, ਸੀਨੀਅਰ ਨੌਕਰਸ਼ਾਹ ਅਤੇ ਸੁਪਰੀਮ ਕੋਰਟ ਦੇ ਜਸਟਿਸ ਸ਼ਾਮਲ ਹੋਣਗੇ।
Independence Day celebrations this year
ਇਸ ਵਾਰ ਕਿਸੇ ਵੀ ਵੀਆਈਪੀ ਦੇ ਪਤੀ ਜਾਂ ਪਤਨੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਸਮਾਜਕ ਦੂਰੀ ਨਿਯਮਾਂ ਦਾ ਧਿਆਨ ਰੱਖਦਿਆਂ ਇਸ ਵਾਰ ਘੱਟ ਮਹਿਮਾਨ ਬੁਲਾਏ ਗਏ ਹਨ। ਇਸ ਵਾਰ ਮਹਿਮਾਨਾਂ ਲਈ ਕੋਈ ਭੋਜਨ ਕਾਊਂਟਰ ਨਹੀਂ ਹੋਵੇਗਾ। ਇਸ ਵਾਰ ਸਮਾਰੋਹ ਵਿਚ ਸਿਰਫ਼ 10 ਫੋਟੋਗ੍ਰਾਫਰ ਹੀ ਮੌਜੂਦ ਰਹਿਣਗੇ।
Independence Day celebrations this year
ਕੋਰੋਨਾ ਵਾਇਰਸ ਕਾਰਨ ਪੀਐਮ ਮੋਦੀ ਦੇ ਸੁਰੱਖਿਆ ਚੱਕਰ ਘੇਰੇ ਵਿਚ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੂੰ 15 ਦਿਨ ਪਹਿਲਾਂ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਕਰੀਬ 350 ਪੁਲਿਸ ਜਵਾਨ 1 ਅਗਸਤ ਤੋਂ ਹੀ ਦਿੱਲੀ ਪੁਲਿਸ ਦੇ ਕੰਪਲੈਕਸ ਵਿਚ ਕੁਆਰੰਟੀਨ ਵਿਚ ਹਨ ਅਤੇ ਇਹਨਾਂ ਵਿਚੋਂ 100 ਜਵਾਨ ਪੀਐਮ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਦੇਣਗੇ।
Independence Day
ਇਸ ਸਾਲ ਲਾਲ ਕਿਲ੍ਹੇ ‘ਤੇ ਬੱਚਿਆਂ ਦੇ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲਣਗੇ। ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਕੋਰੋਨਾ ਯੋਧੇ ਵੀ ਸ਼ਾਮਲ ਹੋਣਗੇ, ਕਰੀਬ ਡੇਢ ਹਜ਼ਾਰ ਕੋਰੋਨਾ ਯੋਧੇ ਇਸ ਸਮਾਰੋਹ ਵਿਚ ਹਿੱਸਾ ਲੈਣਗੇ। ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ‘ਤੇ ਸ਼ਿਰਕਤ ਕਰਨ ਵਾਲੇ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਹੀ ਨਹੀਂ ਉਹਨਾਂ ਦੇ ਮੋਬਾਈਲ ‘ਤੇ ਅਰੋਗਿਆ ਸੇਤੂ ਐਪ ਵਿਚ ਸਟੇਟਸ ਗ੍ਰੀਨ ਦੇਖ ਕੇ ਹੀ ਐਂਟਰੀ ਦਿੱਤੀ ਜਾਵੇਗੀ।