
ਮੁੱਖ ਮੰਤਰੀ ਸਟਾਲਿਨ ਨੇ ਰਾਸ਼ਟਰਪਤੀ ਮੁਰਮੂ ਨੂੰ ਤਾਮਿਲਨਾਡੂ ਦੇ ਨੀਟ-ਵਿਰੋਧੀ ਬਿਲ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ
ਜਗਤੇਸ਼ਵਰਨ ਨੂੰ ਆਖ਼ਰੀ ਪਲਾਂ ਤਕ ਇਮਤਿਹਾਨ ’ਚ ਸਫ਼ਲ ਹੋਣ ਦੀ ਸੀ ਉਮੀਦ
ਚੇਨਈ, 14 ਅਗੱਸਤ: ਮੈਡੀਕਲ ਕਾਲਜ ’ਚ ਦਾਖ਼ਲੇ ਦਾ ਇੱਛੁਕ 19 ਸਾਲਾਂ ਦੇ ਜਗਤੇਸ਼ਵਰਨ ਨੂੰ ਆਖ਼ਰੀ ਪਲਾਂ ਤਕ NEET ’ਚ ਸਫ਼ਲ ਹੋਣ ਦੀ ਉਮੀਦ ਸੀ, ਪਰ ਅਚਾਨਕ ਉਸ ਨੇ ਅਪਣਾ ਫੈਸਲਾ ਬਦਲਿਆ ਅਤੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਪੂਰੇ ਤਾਮਿਲਨਾਡੂ ’ਚ ਲੋਕ ਸਦਮੇ ’ਚ ਹਨ। ਜਗਤੇਸ਼ਵਰਨ ਦੇ ਪਿਤਾ ਵੀ ਅਪਣੇ ਪੁੱਤਰ ਦੀ ਮੌਤ ਤੋਂ ਬਾਹਰ ਨਿਕਲ ਨਹੀਂ ਸਕੇ ਹਨ ਅਤੇ ਉਨ੍ਹਾਂ ਨੇ ਵੀ ਅਪਣੀ ਜਾਨ ਦੇ ਦਿਤੀ।
ਆਪਣੀ ਖੁਦਕੁਸ਼ੀ ਤੋਂ ਕੁਝ ਘੰਟੇ ਪਹਿਲਾਂ ਤਕ, ਜਗਤੇਸਵਰਨ ਅਪਣੀ ਤੀਜੀ ਕੋਸ਼ਿਸ਼ ’ਚ ਇਮਤਿਹਾਨ ਪਾਸ ਕਰਨ ਲਈ ਕਾਫ਼ੀ ਭਰੋਸੇਮੰਦ ਸੀ ਅਤੇ ਉਸ ਨੇ ਅਪਣੇ ਪਿਤਾ ਨੂੰ ਇੱਥੇ ਇਕ ਕੋਚਿੰਗ ਸੈਂਟਰ ’ਚ ਫੀਸ ਅਦਾ ਕਰਨ ਲਈ ਵੀ ਮਨਾ ਲਿਆ। ਜਗਤੇਸ਼ਵਰਨ ਦੇ ਪਿਤਾ ਪੀ. ਸੇਲਵਸ਼ੇਖਰ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਇਹ ਵੀ ਸੁਝਾਅ ਦਿਤਾ ਸੀ ਕਿ ਉਹ ਪੜ੍ਹਾਈ ਲਈ ਅਪਣੇ ਭਰਾ ਨਾਲ ਵਿਦੇਸ਼ ਜਾਣ, ਪਰ ਉਸ ਨੇ ਕਿਹਾ ਕਿ ਉਹ ਦੁਬਾਰਾ ਪ੍ਰੀਖਿਆ ਦੇਵੇਗਾ ਅਤੇ ਯੋਗਤਾ ਦੇ ਅੰਕ ਪ੍ਰਾਪਤ ਕਰੇਗਾ ਅਤੇ ਮੈਡੀਕਲ ਕਾਲਜ ’ਚ ਦਾਖਲਾ ਲਵੇਗਾ।" ਸੇਲਵਸ਼ੇਖਰ ਇਕੱਲੇ ਹੀ ਅਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਸਨ ਅਤੇ ਪੇਸ਼ੇ ਤੋਂ ‘ਇਵੈਂਟ’ ਫੋਟੋਗ੍ਰਾਫਰ ਸਨ।
ਪਰ ਜਦੋਂ ਸੇਲਵਸ਼ੇਖਰ ਸਨਿਚਰਵਾਰ ਰਾਤ ਨੂੰ ਫੋਨ ’ਤੇ ਅਪਣੇ ਬੇਟੇ ਤਕ ਨਹੀਂ ਪਹੁੰਚ ਸਕਿਆ, ਤਾਂ ਉਸ ਨੇ ਅਪਣੇ ਇਕ ਦੋਸਤ ਅਤੇ ਇਕ ਫੋਟੋਗ੍ਰਾਫਰ ਸਹਿਕਰਮੀ ਦੀ ਮਦਦ ਮੰਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਪੁੱਤਰ ਨੇ ਉਸ ਦੀ ਕਾਲ ਦਾ ਜਵਾਬ ਕਿਉਂ ਨਹੀਂ ਦਿਤਾ। ਜਗਤੇਸ਼ਵਰਨ ਇਥੇ ਕ੍ਰੋਮਪੇਟ ਦੇ ਕੁਰਿੰਜੀ ਨਗਰ ਸਥਿਤ ਅਪਣੇ ਮਕਾਨ ’ਚ ਫੰਦੇ ਨਾਲ ਲਟਕਦਾ ਪਾਇਆ ਗਿਆ। ਪੁਲਸ ਨੇ ਦਸਿਆ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਪੁਲਿਸ ਨੇ ਦੱਸਿਆ ਕਿ ਆਪਣੇ ਬੇਟੇ ਦੀ ਮੌਤ ਦਾ ਸੋਗ ਬਰਦਾਸ਼ਤ ਕਰਨ ਤੋਂ ਅਸਮਰੱਥ, 48 ਸਾਲਾਂ ਦੇ ਸੇਲਵਸ਼ੇਖਰ ਨੇ ਵੀ ਐਤਵਾਰ ਰਾਤ ਨੂੰ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਅਪਣੇ ਘਰ ’ਚ ਫਾਹਾ ਲੈ ਲਿਆ।
ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ, ਪਰ ਪੁਲਿਸ ਪੁੱਛਗਿੱਛ ਤੋਂ ਪਤਾ ਲੱਗਾ ਕਿ ਜਗਤੇਸ਼ਵਰਨ ਨੇ 2021 ’ਚ ਸੀ.ਬੀ.ਐਸ.ਈ. ਸਕੂਲ ਤੋਂ 12ਵੀਂ ਜਮਾਤ ਪਾਸ ਕੀਤੀ ਸੀ ਅਤੇ 500 ’ਚੋਂ 427 ਅੰਕ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ ਉਸ ਨੇ ਦੋ ਵਾਰ NEET ਇਮਤਿਹਾਨ ਦਿਤਾ, ਪਰ ਅਸਫਲ ਰਿਹਾ। ਇਸ ਸਬੰਧੀ ਚਿਤਲਾਪੱਕਮ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਰਾਸ਼ਟਰਪਤੀ ਮੁਰਮੂ ਨੂੰ ਤਾਮਿਲਨਾਡੂ ਦੇ ਨੀਟ-ਵਿਰੋਧੀ ਬਿਲ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ ਦੀ ਅਪੀਲ
ਤਾਮਿਲਨਾਡੂ ’ਚ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (NEET) ਨੂੰ ਲੈ ਕੇ 16 ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਬੇ ਦੇ ਐਨ.ਈ.ਈ.ਟੀ. ਵਿਰੋਧੀ ਬਿਲ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ।
ਰਾਸ਼ਟਰਪਤੀ ਨੂੰ ਲਿਖੀ ਚਿੱਠੀ ’ਚ, ਸਟਾਲਿਨ ਨੇ ਤਾਮਿਲਨਾਡੂ ਅੰਡਰਗਰੈਜੂਏਟ ਮੈਡੀਕਲ ਡਿਗਰੀ ਕੋਰਸ ਬਿਲ, 2021 ਨੂੰ ਮਨਜ਼ੂਰੀ ਦੇਣ ’ਚ ਦੇਰੀ ਦੇ ਮੰਦਭਾਗੇ ਨਤੀਜਿਆਂ ਦਾ ਜ਼ਿਕਰ ਕੀਤਾ ਅਤੇ ਉਸ ਨੂੰ ਤੁਰਤ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਨੀਟ ਤਣਾਅ ਕਾਰਨ ਕ੍ਰਮਵਾਰ 12 ਅਤੇ 13 ਅਗਸਤ ਨੂੰ ਇਕ ਪਿਤਾ ਅਤੇ ਉਸ ਦੇ ਪੁੱਤਰ ਦੀਆਂ ਖੁਦਕੁਸ਼ੀਆਂ ਦਾ ਜ਼ਿਕਰ ਕੀਤਾ।
ਸਟਾਲਿਨ ਨੇ ਚਿੱਠੀ ’ਚ ਕਿਹਾ, ‘‘ਇਸ ਨਾਲ ਸਾਡੇ ਸੂਬੇ ’ਚ NEET ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 16 ਹੋ ਗਈ ਹੈ। ਜੇਕਰ NEET ਤੋਂ ਛੋਟ ਦੇਣ ਬਾਬਤ ਸਾਡੇ ਬਿਲ ਨੂੰ ਮਨਜ਼ੂਰੀ ਦੇ ਦਿਤੀ ਗਈ ਹੁੰਦੀ ਅਤੇ ਮੈਡੀਕਲ (ਕੋਰਸ) ਦੇ ਦਾਖਲੇ 12ਵੀਂ ਜਮਾਤ ਦੇ ਅੰਕਾਂ ਦੇ ਆਧਾਰ ’ਤੇ ਹੁੰਦੇ, ਤਾਂ ਇਹ ਯਕੀਨੀ ਤੌਰ ’ਤੇ ਟਾਲਿਆ ਜਾ ਸਕਦਾ ਸੀ।’’
ਵਿਧਾਨਿਕ ਪ੍ਰਕਿਰਿਆ ਦੇ ਪਿਛੋਕੜ ਬਾਰੇ ਦਸਦਿਆਂ ਸਟਾਲਿਨ ਨੇ ਜਸਟਿਸ ਏ.ਕੇ. ਰਾਜਨ ਕਮੇਟੀ ਦਾ ਸੰਦਰਭ ਦਿਤਾ, ਜਿਸ ਨੇ NEET ਆਧਾਰਿਤ ਦਾਖਲਾ ਪ੍ਰਕਿਰਿਆ ਅਤੇ ਗਰੀਬ ਅਤੇ ਪੇਂਡੂ ਵਿਦਿਆਰਥੀਆਂ ’ਤੇ ਇਸ ਦੇ ਮਾੜੇ ਪ੍ਰਭਾਵਾਂ ਦਾ ਅਧਿਐਨ ਕੀਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਬਾਅਦ ’ਚ ਕਮੇਟੀ ਦੀ ਰੀਪੋਰਟ ਅਤੇ ਵਿਚਾਰ-ਵਟਾਂਦਰੇ ਦੇ ਆਧਾਰ ’ਤੇ 13 ਸਤੰਬਰ 2021 ਨੂੰ ਬਿਲ ਪਾਸ ਕੀਤਾ ਗਿਆ ਸੀ।
ਕਿਉਂਕਿ ਇਸ ਨੂੰ ਰਾਜਪਾਲ ਆਰ.ਕੇ. ਐਨ. ਰਵੀ ਨੇ ਪੰਜ ਮਹੀਨਿਆਂ ਦੀ ਦੇਰੀ ਤੋਂ ਬਾਅਦ ਇਸ ਨੂੰ ਵਾਪਸ ਕਰ ਦਿਤਾ, ਇਸ ਨੂੰ 8 ਫਰਵਰੀ, 2022 ਨੂੰ ਵਿਧਾਨ ਸਭਾ ’ਚ ਮੁੜ ਪੇਸ਼ ਕੀਤਾ ਗਿਆ ਅਤੇ ਇਸ ਨੂੰ ਦੁਬਾਰਾ ਪਾਸ ਕਰ ਕੇ ਰਾਜਪਾਲ ਨੂੰ ਭੇਜਿਆ ਗਿਆ, ਜਿਸ ਨੇ ਇਸ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵਾਂ ਕਰ ਦਿਤਾ।
ਸਟਾਲਿਨ ਨੇ ਕਿਹਾ ਕਿ ਰਾਜਪਾਲ ਨੇ ਬਿਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿਤਾ ਹੈ ਅਤੇ ਇਹ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਉਡੀਕ ’ਚ ਹੈ। ਜਦੋਂ ਗ੍ਰਹਿ ਮੰਤਰਾਲੇ ਨੇ ਬਿਲ ਬਾਰੇ ਸਪੱਸ਼ਟੀਕਰਨ ਮੰਗਿਆ ਤਾਂ ਰਾਜ ਸਰਕਾਰ ਨੇ ਇਸ ਨੂੰ ਮੁਹੱਈਆ ਕਰਵਾਉਣ ਲਈ ਕਾਹਲੀ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਤਾਮਿਲਨਾਡੂ ਦੇ ਬਿਲ ਨੂੰ ਅਜੇ ਤਕ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਵਿਦਿਆਰਥੀ NEET ਦੇ ਆਧਾਰ ’ਤੇ ਦਾਖਲਾ ਲੈਣ ਲਈ ਮਜਬੂਰ ਹਨ।
ਰਾਜਪਾਲ ਦੇ NEET ਹਮਾਇਤੀ ਰੁਖ਼ ਕਾਰਨ ਅਸੀਂ ਉਨ੍ਹਾਂ ਦੀ ਚਾਹ ਪਾਰਟੀ ਦਾ ਬਾਈਕਾਟ ਕਰਾਂਗੇ : ਮੁੱਖ ਮੰਤਰੀ ਸਟਾਲਿਨ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਰਾਜਪਾਲ ਆਰ.ਐਨ. ਰਵੀ ਦੇ ਕੌਮੀ ਪਾਤਰਤਾ ਅਤੇ ਦਾਖ਼ਲਾ ਇਮਤਿਹਾਨ (NEET) ਹਮਾਇਤੀ ਰੁਖ਼ ਦੀ ਸਖ਼ਤ ਨਿੰਦਾ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਆਜ਼ਾਦੀ ਦਿਹਾੜੇ ’ਤੇ ਰਾਜਪਾਲ ਵਲੋਂ ਦਿਤੀ ਜਾਦ ਵਾਲੀ ਚਾਹ ਪਾਰਟੀ ਦਾ ਬਾਈਕਾਟ ਕਰੇਗੀ। ਰਵੀ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ‘ਜੇਕਰ ਉਨ੍ਹਾਂ ਕੋਲ ਤਾਕਤ ਹੋਵੇ’ ਤਾਂ ਉਹ NEET ਤੋਂ ਸੂਬੇ ਨੂੰ ਛੋਟ ਦੇਣ ਦੀ ਸ਼ਰਤ ਵਾਲੇ ਸੂਬਾ ਸਰਕਾਰ ਦੇ ਬਿਲ ਨੂੰ ਕਦੇ ਮਨਜ਼ੂਰੀ ਨਹੀਂ ਦੇਣਗੇ। ਸਟਾਲਿਟ ਨੇ ਰਵੀ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਰਾਜਪਾਲ ਦੇ ਬਿਆਨ ਨੇ ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਹੈਰਾਨ ਕਰ ਦਿਤਾ ਹੈ।
NEET ਦੇ ਇਕ ਵਿਦਿਆਰਥੀ ਵਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਘਟਨਾ ਦੇ ਮੱਦੇਨਜ਼ਰ ਸਟਾਲਿਨ ਨੇ ਨੌਜੁਆਨਾਂ ਨੂੰ ਸੋਮਵਾਰ ਨੂੰ ਅਪੀਲ ਕੀਤੀ ਕਿ ਉਹ ਖ਼ੁਦਕੁਸ਼ੀ ਬਾਰੇ ਸੋਚਣ ਤੋਂ ਬਚਣ ਅਤੇ ਜੀਵਨ ਦੀਆਂ ਮੁਸ਼ਕਲਾਂ ਦਾ ਆਤਮਵਿਸ਼ਵਾਸ ਨਾਲ ਸਾਹਮਣਾ ਕਰੋ। ਸਟਾਲਿਨ ਦੇ ਪੁੱਤਰ ਅਤੇ ਕੈਬਿਨੇਟ ਮੰਤਰੀ ਉਦੈਨਿਧੀ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਭਰੋਸਾ ਦਿਤਾ ਕਿ NEET ਵਿਰੁਧ ‘ਕਾਨੂੰਨੀ ਸੰਘਰਸ਼’ ਜਾਰੀ ਰਹੇਗਾ।