
ਕਿਹਾ, ਰਾਜਪਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ’ਚ ਰੁਕਾਵਟ ਪਾਉਣ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ
ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁਧਵਾਰ ਨੂੰ ਕਿਹਾ ਕਿ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸੰਸਥਾ ‘ਲੋਕਤੰਤਰ ’ਤੇ ਬੋਝ’ ਬਣ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਜਪਾਲਾਂ ਦਾ ਕੰਮ ਸਿਰਫ ਗੈਰ-ਐਨ.ਡੀ.ਏ. (ਕੌਮੀ ਜਮਹੂਰੀ ਗਠਜੋੜ) ਪਾਰਟੀਆਂ ਵਲੋਂ ਚਲਾਈਆਂ ਜਾ ਰਹੀਆਂ ਸਰਕਾਰਾਂ ਦੇ ਕੰਮਕਾਜ ਨੂੰ ਰੋਕਣਾ ਰਹਿ ਗਿਆ ਹੈ।
ਆਬਕਾਰੀ ਨੀਤੀ ਮਾਮਲੇ ’ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ੁਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆਏ ਸਿਸੋਦੀਆ ਨੇ ਇੱਥੇ ਪੀ.ਟੀ.ਆਈ. ਹੈੱਡਕੁਆਰਟਰ ’ਚ ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਪ ਰਾਜਪਾਲ ਅਤੇ ਚੁਣੀ ਹੋਈ ਸਰਕਾਰ ਵਿਚਾਲੇ ਟਕਰਾਅ ਕਾਰਨ ਦਿੱਲੀ ਦੇ ਨੌਕਰਸ਼ਾਹ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਦੁਖੀ ਹਨ।
ਦਿੱਲੀ ’ਚ ਉਪ ਰਾਜਪਾਲ ਦੇ ਦਫਤਰ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਚਾਲੇ ਸ਼ਾਸਨ ਨਾਲ ਜੁੜੇ ਕਈ ਮੁੱਦਿਆਂ ’ਤੇ ਟਕਰਾਅ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਲੋਕਤੰਤਰ ਦੀ ਹੱਤਿਆ ਕਾਰਨ ਉਪ ਰਾਜਪਾਲ ਅਤੇ ਦਿੱਲੀ ਸਰਕਾਰ ਵਿਚਾਲੇ ਟਕਰਾਅ ਹੈ। ਕੇਂਦਰ ਸਰਕਾਰ ਨੇ ਚੁਣੀ ਹੋਈ ਸਰਕਾਰ ਦੇ ਅਧਿਕਾਰ ਖੋਹ ਲਏ ਹਨ। ਜਦੋਂ ਲੋਕਤੰਤਰ ਦਾ ਕਤਲ ਕੀਤਾ ਜਾਂਦਾ ਹੈ ਤਾਂ ਸਾਰੀਆਂ ਧਿਰਾਂ ਪ੍ਰਭਾਵਤ ਹੁੰਦੀਆਂ ਹਨ। ਇੱਥੋਂ ਤਕ ਕਿ ਸਰਕਾਰੀ ਅਧਿਕਾਰੀ ਵੀ ਦੁਖੀ ਹਨ ਅਤੇ ਮੈਨੂੰ ਉਨ੍ਹਾਂ ਲਈ ਅਫਸੋਸ ਹੈ।’’
ਪਿਛਲੇ ਸਾਲ ਫ਼ਰਵਰੀ ’ਚ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਿਸੋਦੀਆ ਨੇ ਕਿਹਾ ਕਿ ਰਾਜਪਾਲ ਦਾ ਅਹੁਦਾ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਇਸ ਅਹੁਦੇ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਚੁਣੀ ਹੋਈ ਸਰਕਾਰ ਨੂੰ ਸਹੁੰ ਚੁਕਾਉਣ ਲਈ ਸਾਨੂੰ ਰਾਜਪਾਲ ਦੀ ਲੋੜ ਕਿਉਂ ਹੈ? ਇਹ ਕੰਮ ਹੋਰ ਸੰਸਥਾਵਾਂ ਵਲੋਂ ਵੀ ਕੀਤਾ ਜਾ ਸਕਦਾ ਹੈ। ਸਰਕਾਰਾਂ ਨੂੰ ਡੇਗਣ ਤੋਂ ਇਲਾਵਾ ਉਨ੍ਹਾਂ ਦਾ ਕੰਮ ਕੀ ਹੈ? ਉਹ ਹੋਰ ਕੀ ਕਰ ਰਹੇ ਹਨ?’’
ਉਨ੍ਹਾਂ ਕਿਹਾ, ‘‘ਇਕ ਸੰਸਥਾ ਦੇ ਤੌਰ ’ਤੇ ਰਾਜਪਾਲ ਇਸ ਦੇਸ਼ ’ਚ ਇਕ ਬੋਝ ਬਣ ਗਏ ਹਨ। ਉਹ ਚੁਣੀ ਹੋਈ ਸਰਕਾਰ ਦੇ ਕੰਮਕਾਜ ’ਚ ਰੁਕਾਵਟ ਪਾਉਣ ਤੋਂ ਇਲਾਵਾ ਕੁੱਝ ਨਹੀਂ ਕਰ ਰਹੇ ਹਨ। ਉਮੀਦ ਹੈ ਕਿ ਇਹ ਸਮੱਸਿਆ ਹੱਲ ਹੋ ਜਾਵੇਗੀ।’’
ਉਨ੍ਹਾਂ ਕਿਹਾ ਕਿ ਇਹ ਮੁੱਦਾ ਸਿਰਫ ਦਿੱਲੀ ’ਚ ਹੀ ਨਹੀਂ ਹੈ, ਬਲਕਿ ਪਛਮੀ ਬੰਗਾਲ, ਕੇਰਲ ਵਰਗੇ ਹੋਰ ਸੂਬਿਆਂ ’ਚ ਵੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਰੁਝਾਨ ਦੇਸ਼ ਭਰ ’ਚ ਚੱਲ ਰਿਹਾ ਹੈ ਅਤੇ ਤਾਨਾਸ਼ਾਹੀ ਨੂੰ ਉਤਸ਼ਾਹਤ ਕਰ ਰਿਹਾ ਹੈ। ਦਿੱਲੀ ਅਤੇ ਹੋਰ ਸੂਬੇ ਵੀ ਤਾਨਾਸ਼ਾਹੀ ਕਾਰਨ ਪ੍ਰੇਸ਼ਾਨ ਹਨ।’’ ਉਨ੍ਹਾਂ ਕਿਹਾ ਕਿ ਰਾਜਪਾਲਾਂ ਦੀ ਨਿਯੁਕਤੀ ਚੁਣੀ ਹੋਈ ਸਰਕਾਰ ਦੇ ਕੰਮਕਾਜ ’ਚ ਰੁਕਾਵਟ ਪਾਉਣ ਦੀ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਹੀ ਕੀਤੀ ਜਾ ਰਹੀ ਹੈ। ’’