ਕਿਹਾ, ਜਿਸ ਸਨਾਤਨ ’ਤੇ ਮਹਾਤਮਾ ਗਾਂਧੀ ਨੇ ਸਾਰੀ ਜ਼ਿੰਦਗੀ ਵਿਸ਼ਵਾਸ ਕੀਤਾ, ਇਸ ‘ਹੰਕਾਰੀ’ ਗਠਜੋੜ ਦੇ ਆਗੂ ਉਸ ਨੂੰ ਤਬਾਹ ਕਰਨਾ ਚਾਹੁੰਦੇ ਹਨ
ਬੀਨਾ (ਮੱਧ ਪ੍ਰਦੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ‘ਇੰਡੀਆ’ ਨੂੰ ‘ਹੰਕਾਰੀ’ ਗਠਜੋੜ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਇਸ ਦੇ ਨੇਤਾ ਸਨਾਤਨ ਰੀਤੀ ਰਿਵਾਜ਼ਾ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ ਅਤੇ ਉਹ ਦੇਸ਼ ਨੂੰ ਹਜ਼ਾਰਾਂ ਸਾਲਾਂ ਲਈ ਗੁਲਾਮੀ ਵਿਚ ਧੱਕਣਾ ਚਾਹੁੰਦੇ ਹਨ। ਇਥੇ ਇਕ ਸਮਾਗਮ ਦੌਰਾਨ 50,800 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਵਿਰੋਧੀ ਗਠਜੋੜ ਉੱਤੇ ਦੇਸ਼ ਅਤੇ ਸਮਾਜ ਨੂੰ ਵੰਡਣ ਦਾ ਦੋਸ਼ ਵੀ ਲਾਇਆ।
ਉਨ੍ਹਾਂ ਕਿਹਾ, ‘‘ਇਥੇ ਕੁੱਝ ਪਾਰਟੀਆਂ ਹਨ ਜੋ ਦੇਸ਼ ਅਤੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਮਿਲ ਕੇ ਇਕ ਅਲਾਇੰਸ ਬਣਾਇਆ ਹੈ, ਜਿਸ ਨੂੰ ਕੁੱਝ ਲੋਕ ‘ਹੰਕਾਰੀ’ ਗਠਜੋੜ ਵੀ ਕਹਿੰਦੇ ਹਨ। ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨੇਤਾ ਤੈਅ ਨਹੀਂ ਹੈ ਅਤੇ ਲੀਡਰਸ਼ਿਪ ਨੂੰ ਲੈ ਕੇ ਭੰਬਲਭੂਸਾ ਹੈ, ਪਰ ਉਨ੍ਹਾਂ ਨੇ ਮੁੰਬਈ ’ਚ ਹੋਈ ਮੀਟਿੰਗ ਵਿਚ ‘ਹੰਕਾਰੀ ਗਠਜੋੜ’ ਦੀ ਨੀਤੀ ਅਤੇ ਰਣਨੀਤੀ ਤੈਅ ਕੀਤੀ ਹੈ ਅਤੇ ਇਕ ਲੁਕਵਾਂ ਏਜੰਡਾ ਵੀ ਤੈਅ ਕਰ ਲਿਆ ਹੈ। ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਦੀ ਸਫ਼ਲਤਾ ’ਤੇ ਅੱਜ ਦੇਸ਼ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੀ-20 ਦੀ ਸਫ਼ਲਤਾ ਦਾ ਸਿਹਰਾ ਮੋਦੀ ਨੂੰ ਨਹੀਂ ਜਾਂਦਾ, ਇਹ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੈ ਅਤੇ ਇਹ ਭਾਰਤ ਦੀ ਸਮੂਹਿਕ ਤਾਕਤ ਦਾ ਸਬੂਤ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੀ ਵਿਰਾਸਤ ਅਤੇ ਖ਼ੁਸ਼ਹਾਲੀ ਨੂੰ ਦੇਖ ਕੇ ਬਹੁਤ ਪ੍ਰਭਾਵਤ ਹੋਏ ਸਨ। ਮੋਦੀ ਨੇ ਕਿਹਾ, ‘‘ਪਰ ਇਸ ਹੰਕਾਰੀ ਗਠਜੋੜ ਦੀ ਨੀਤੀ ਅਤੇ ਰਣਨੀਤੀ ਭਾਰਤ ਦੀ ਸੰਸਕਿ੍ਰਤੀ ’ਤੇ ਹਮਲਾ ਕਰਨਾ ਹੈ। ਇਸ ‘ਇੰਡੀਆ’ ਅਲਾਇੰਸ ਦਾ ਫ਼ੈਸਲਾ ਹੈ ਕਿ ਭਾਰਤੀਆਂ ਦੇ ਵਿਸ਼ਵਾਸ਼ ’ਤੇ ਹਮਲਾ ਕਰੋ। ਇਸ ਹੰਕਾਰੀ ਗਠਜੋੜ ਦਾ ਇਰਾਦਾ ਹੈ ਕਿ ਭਾਰਤ ਨੂੰ ਜਿਨ੍ਹਾਂ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੇ ਹਜ਼ਾਰਾਂ ਸਾਲਾਂ ਤੋਂ ਇਕਜੁੱਟ ਕੀਤਾ ਹੈ, ਉਸ ਨੂੰ ਤਬਾਹ ਕਰ ਦਿਉ।’’
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਹੰਕਾਰੀ ਗਠਜੋੜ ਸਨਾਤਨ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਖ਼ਤਮ ਕਰਨ ਦਾ ਸੰਕਲਪ ਲੈ ਕੇ ਆਇਆ ਹੈ। ਜਿਸ ਸਨਾਤਨ ਵਿਚ ਮਹਾਤਮਾ ਗਾਂਧੀ ਨੇ ਸਾਰੀ ਉਮਰ ਵਿਸ਼ਵਾਸ ਕੀਤਾ, ਜਿਸ ਸਨਾਤਨ ਨੇ ਉਨ੍ਹਾਂ ਨੂੰ ਛੂਤ-ਛਾਤ ਵਿਰੁਧ ਅੰਦੋਲਨ ਚਲਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਆਖ਼ਰੀ ਸ਼ਬਦ ਸੀ ਹੇ ਰਾਮ...। ਇਹ ਹੰਕਾਰੀ ਗੱਠਜੋੜ ਲੋਕ ਉਸ ਸਨਾਤਨ ਪਰੰਪਰਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ।’’
ਜ਼ਿਕਰਯੋਗ ਹੈ ਕਿ ਡੀ.ਐਮ.ਕੇ. ਨੇਤਾ ਉਦੈਨਿਧੀ ਸਟਾਲਿਨ ਨੇ ਹਾਲ ਹੀ ’ਚ ਕਿਹਾ ਸੀ ਕਿ ਸਨਾਤਨ ਧਰਮ ਸਮਾਜਕ ਨਿਆਂ ਵਿਰੁਧ ਹੈ ਅਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਸਨਾਤਨ ਧਰਮ ਦੀ ਤੁਲਨਾ ਕੋਰੋਨਾ ਵਾਇਰਸ, ਮਲੇਰੀਆ ਅਤੇ ਡੇਂਗੂ ਵਾਇਰਸ ਅਤੇ ਮੱਛਰਾਂ ਕਾਰਨ ਹੋਣ ਵਾਲੇ ਬੁਖ਼ਾਰ ਨਾਲ ਕਰਦੇ ਹੋਏ ਉਦੈਨਿਧੀ ਸਟਾਲਿਨ ਨੇ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦਾ ਨਾ ਸਿਰਫ਼ ਵਿਰੋਧ ਕੀਤਾ ਜਾਣਾ ਚਾਹੀਦਾ ਹੈ, ਸਗੋਂ ਨਸ਼ਟ ਵੀ ਕੀਤਾ ਜਾਣਾ ਚਾਹੀਦਾ ਹੈ। ਡੀਐਮਕੇ ਦੇ ਇਕ ਹੋਰ ਆਗੂ ਏ ਰਾਜਾ ਨੇ ਸਨਾਤਨ ਧਰਮ ਦੀ ਤੁਲਨਾ ਕੋੜ੍ਹ ਵਰਗੀਆਂ ਬਿਮਾਰੀਆਂ ਨਾਲ ਕੀਤੀ ਸੀ। ਡੀਐਮਕੇ ਨੇਤਾਵਾਂ ਦੇ ਸਨਾਤਨ ਵਿਰੋਧੀ ਬਿਆਨਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀ ਗਠਜੋੜ ’ਤੇ ਹਮਲੇ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਨੇਤਾਵਾਂ ਨੇ ਹੁਣ ਸਨਾਤਨ ਧਰਮ ਦੇ ਖ਼ਿਲਾਫ਼ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿਤਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੇ ਹਮਲੇ ਵਧਣ ਵਾਲੇ ਹਨ। ਉਨ੍ਹਾਂ ਕਿਹਾ, ‘‘ਦੇਸ਼ ਦੇ ਕੋਨੇ-ਕੋਨੇ ਵਿਚ ਹਰ ਸਨਾਤਨੀ ਨੂੰ, ਇਸ ਦੇਸ਼ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇੰਡੀਆ ਗੱਠਜੋੜ ਦੇ ਲੋਕ ਸਨਾਤਨ ਨੂੰ ਤਬਾਹ ਕਰਨਾ ਚਾਹੁੰਦੇ ਹਨ ਅਤੇ ਦੇਸ਼ ਨੂੰ ਹਜ਼ਾਰਾਂ ਸਾਲਾਂ ਲਈ ਗੁਲਾਮੀ ਵਿਚ ਧੱਕਣਾ ਚਾਹੁੰਦੇ ਹਨ। ਪਰ ਸਾਨੂੰ ਮਿਲ ਕੇ ਅਜਿਹੀਆਂ ਤਾਕਤਾਂ ਨੂੰ ਰੋਕਣਾ ਹੋਵੇਗਾ। ਅਪਣੀ ਏਕਤਾ ਨਾਲ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨਾ ਹੈ।” ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਪ੍ਰਸਾਸ਼ਨ ਪੂਰੀ ਪਾਰਦਰਸ਼ਤਾ ਨਾਲ ਚਲਾਇਆ ਜਾਵੇ ਅਤੇ ਭਿ੍ਰਸ਼ਟਾਚਾਰ ’ਤੇ ਕਾਬੂ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਮੱਧ ਪ੍ਰਦੇਸ਼ ’ਤੇ ਰਾਜ ਕਰਨ ਵਾਲਿਆਂ ਨੇ ਸੂਬੇ ਨੂੰ ਭਿ੍ਰਸ਼ਟਾਚਾਰ ਅਤੇ ਅਪਰਾਧ ਤੋਂ ਸਿਵਾਏ ਕੁੱਝ ਨਹੀਂ ਦਿਤਾ।
ਉਨ੍ਹਾਂ ਕਿਹਾ, “ਪਰ ਜਦੋਂ ਤੁਸੀਂ ਸਾਨੂੰ (ਭਾਜਪਾ) ਅਤੇ ਸਾਡੇ ਸਹਿਯੋਗੀਆਂ ਨੂੰ ਸੇਵਾ ਕਰਨ ਦਾ ਮੌਕਾ ਦਿਤਾ, ਅਸੀਂ ਪੂਰੀ ਇਮਾਨਦਾਰੀ ਨਾਲ ਮੱਧ ਪ੍ਰਦੇਸ਼ ਦੀ ਕਿਸਮਤ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਮੱਧ ਪ੍ਰਦੇਸ਼ ਨੂੰ ਡਰ ਤੋਂ ਮੁਕਤ ਕੀਤਾ ਅਤੇ ਇਥੇ ਕਾਨੂੰਨ ਵਿਵਸਥਾ ਸਥਾਪਤ ਕੀਤੀ। ਮੋਦੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਕਈ ਪ੍ਰਾਜੈਕਟਾਂ ਦਾ ਭੂਮੀ ਪੂਜਨ ਕਰਨ ਦਾ ਮੌਕਾ ਮਿਲਿਆ ਹੈ ਜੋ ਮੱਧ ਪ੍ਰਦੇਸ਼ ਦੇ ਵਿਕਾਸ ਨੂੰ ਨਵਾਂ ਹੁਲਾਰਾ ਦੇਵੇਗਾ। ਕੇਂਦਰ ਸਰਕਾਰ ਇਨ੍ਹਾਂ ਪ੍ਰਾਜੈਕਟਾਂ ’ਤੇ 50,000 ਕਰੋੜ ਰੁਪਏ ਤੋਂ ਵੱਧ ਖ਼ਰਚ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ, ਉਨ੍ਹਾਂ ਵਿਚ 49,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਦੀ ਬੀਨਾ ਰਿਫ਼ਾਇਨਰੀ ਵਿਚ ਇਕ ਪੈਟਰੋਕੈਮੀਕਲ ਕੰਪਲੈਕਸ ਅਤੇ ਰਾਜ ਭਰ ਵਿਚ 1,800 ਕਰੋੜ ਰੁਪਏ ਦੇ 10 ਨਵੇਂ ਉਦਯੋਗਿਕ ਪ੍ਰਾਜੈਕਟ ਸ਼ਾਮਲ ਹਨ।