ਕਿਹਾ, 1977 ’ਚ ਬਣੇ ਗਠਜੋੜ ਕੋਲ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਐਲਾਨਿਆ ਚਿਹਰਾ ਨਹੀਂ ਸੀ, ਫਿਰ ਵੀ ਇਸ ਨੇ ਇੰਦਰਾ ਗਾਂਧੀ ਵਿਰੁਧ ਚੋਣ ਜਿੱਤੀ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਨੇਤਾ ਉਦੈਨਿਧੀ ਸਟਾਲਿਨ ਦੀ ਸਨਾਤਨ ਧਰਮ ’ਤੇ ਕੀਤੀ ਗਈ ਟਿਪਣੀ ਦੀ ਨਿੰਦਾ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਕਿਸੇ ਪਾਰਟੀ ਦੇ ਕੁਝ ਲੋਕਾਂ ਦੇ ‘ਛੋਟੇ’ ਨੇਤਾਵਾਂ ਵਲੋਂ ਦਿਤੇ ਗਏ ਬਿਆਨਾਂ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦਾ ਅਧਿਕਾਰਤ ਸਟੈਂਡ ਨਹੀਂ ਮੰਨਿਆ ਜਾ ਸਕਦਾ।
ਚੱਢਾ ਨੇ ਇਕ ਇੰਟਰਵਿਊ ’ਚ ਪੀ.ਟੀ.ਆਈ. ਨੂੰ ਕਿਹਾ, ‘‘ਮੈਂ ਸਨਾਤਨ ਧਰਮ ਤੋਂ ਹਾਂ। ਮੈਂ ਅਜਿਹੇ ਬਿਆਨਾਂ ਦੀ ਨਿੰਦਾ ਅਤੇ ਵਿਰੋਧ ਕਰਦਾ ਹਾਂ। ਅਜਿਹੇ ਬਿਆਨ ਨਹੀਂ ਦਿਤੇ ਜਾਣੇ ਚਾਹੀਦੇ। ਧਰਮ ਬਾਰੇ ਅਜਿਹੀਆਂ ਟਿਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।’’
‘ਆਪ’ ਨੇਤਾ ਨੇ ਕਿਹਾ, ‘‘ਕਿਸੇ ਵੀ ਪਾਰਟੀ ਦਾ ਨੇਤਾ ਜੇਕਰ ਅਜਿਹੀ ਟਿਪਣੀ ਕਰਦਾ ਹੈ... ਇਸ ਦਾ ਮਤਲਬ ਇਹ ਨਹੀਂ ਕਿ ਇਹ ਗਠਜੋੜ ਦਾ ਬਿਆਨ ਹੈ। ਦੇਸ਼ ਨੂੰ ਦਰਪੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਵੱਡੇ ਮੁੱਦਿਆਂ ਨੂੰ ਉਠਾਉਣ ਲਈ ਗਠਜੋੜ ਬਣਾਇਆ ਗਿਆ ਹੈ। ਸੂਬੇ ਦੇ ਕਿਸੇ ਜ਼ਿਲ੍ਹੇ ’ਚ ਖੜੇ ਇਕ ਛੋਟੇ ਆਗੂ ਵਲੋਂ ਦਿਤਾ ਗਿਆ ਬਿਆਨ ਗਠਜੋੜ ਦਾ ਅਧਿਕਾਰਤ ਰੁਖ਼ ਨਹੀਂ ਹੈ।’’
ਚੱਢਾ ‘ਇੰਡੀਆ’ ਗਠਜੋੜ ਦੀ 14 ਮੈਂਬਰੀ ਤਾਲਮੇਲ ਕਮੇਟੀ ਦੇ ਮੈਂਬਰ ਹਨ, ਜੋ ‘ਇੰਡੀਆ’ ਗਠਜੋੜ ਦੀ ਸਿਖਰਲੀ ਫੈਸਲਾ ਲੈਣ ਵਾਲੀ ਸੰਸਥਾ ਹੈ। ਕਮੇਟੀ ਦੀ ਬੈਠਕ ਬੁਧਵਾਰ ਨੂੰ ਦਿੱਲੀ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਦੇ ਘਰ ’ਤੇ ਹੋਵੇਗੀ। ਚੱਢਾ ਨੇ ਕਿਹਾ, ‘‘ਮੀਟਿੰਗ ’ਚ ਜਿਹੜੇ ਮੁੱਦੇ ਅਸੀਂ ਉਠਾਵਾਂਗੇ, ਉਨ੍ਹਾਂ ’ਤੇ ਚਰਚਾ ਕੀਤੀ ਜਾਵੇਗੀ। ਰੈਲੀਆਂ, ਘਰ-ਘਰ ਪ੍ਰਚਾਰ ਜਾਂ ਜਨਤਕ ਮੀਟਿੰਗਾਂ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਲੋਕਾਂ ਤਕ ਕਿਵੇਂ ਪਹੁੰਚਾਇਆ ਜਾਵੇਗਾ, ਇਸ ਬਾਰੇ ਵੀ ਚਰਚਾ ਹੋਵੇਗੀ। ਅਸੀਂ ਇਸ ’ਤੇ ਸੂਬਾ-ਵਾਰ ਚਰਚਾ ਕਰਾਂਗੇ।’’
ਉਨ੍ਹਾਂ ਕਿਹਾ, ‘‘ਇਸ ਗਠਜੋੜ ਨੂੰ ਸਫਲ ਬਣਾਉਣ ਲਈ, ਹਰ ਸਿਆਸੀ ਪਾਰਟੀ ਨੂੰ ਤਿੰਨ ਚੀਜ਼ਾਂ ਦੀ ਕੁਰਬਾਨੀ ਕਰਨੀ ਪਵੇਗੀ - ਅਭਿਲਾਸ਼ਾ, ਮਤਭੇਦ ਅਤੇ ਵਿਚਾਰਾਂ ਦੇ ਮਤਭੇਦ।’’ ਜਦੋਂ ਉਨ੍ਹਾਂ ਨੂੰ ਵਿਰੋਧੀ ਗਠਜੋੜ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੰਭਾਵਤ ਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਪਹਿਲੀ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਦੌੜ ’ਚ ਨਹੀਂ ਹੈ।’’
‘ਆਪ’ ਆਗੂ ਨੇ ਕਿਹਾ, ‘‘ਅਸੀਂ ਇਸ ਗਠਜੋੜ ਦੇ ਵਫ਼ਾਦਾਰ ਸਿਪਾਹੀ ਹਾਂ। ਅਸੀਂ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਨਹੀਂ ਹਾਂ। ਸਾਡੇ ਗਠਜੋੜ ’ਚ ਬਹੁਤ ਸਾਰੇ ਸਮਰੱਥ ਪ੍ਰਸ਼ਾਸਕ ਹਨ। ਸਾਡੇ ਕੋਲ ਬਹੁਤ ਸਾਰੇ ਕਾਬਲ ਲੋਕ ਹਨ। ਪਰ, ਕੀ ਐਨ.ਡੀ.ਏ. ’ਚ ਕੋਈ ਖੜਾ ਹੋ ਕੇ ਕਹਿ ਸਕਦਾ ਹੈ ਕਿ ਉਹ ਚਾਹੁੰਦੇ ਹਨ ਕਿ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਬਣਨ ਜਾਂ ਅਮਿਤ ਸ਼ਾਹ ਪ੍ਰਧਾਨ ਮੰਤਰੀ ਬਣਨ? ਮੈਂ ਇੱਥੇ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਸਾਡੇ ਕੋਲ ਬਹੁਤ ਸਾਰੇ ਸਮਰੱਥ ਪ੍ਰਸ਼ਾਸਕ ਹਨ। ਉਨ੍ਹਾਂ ਕੋਲ ਕੋਈ ਨਹੀਂ ਹੈ। ਉਹ ਸਿਰਫ ਇਕ ਨੇਤਾ ਦਾ ਨਾਂ ਲੈ ਸਕਦੇ ਹਨ।’’
ਉਨ੍ਹਾਂ ਕਿਹਾ, ‘‘ਗਠਜੋੜ ਫੈਸਲਾ (ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਂ ’ਤੇ) ਲਵੇਗਾ। ਇੱਥੋਂ ਤਕ ਕਿ 1977 ’ਚ ਬਣੇ ਗਠਜੋੜ ਕੋਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਐਲਾਨਿਆ ਚਿਹਰਾ ਨਹੀਂ ਸੀ, ਫਿਰ ਵੀ ਇਸ ਨੇ ਇੰਦਰਾ ਗਾਂਧੀ ਵਿਰੁਧ ਚੋਣ ਜਿੱਤੀ। ਮੈਂ ਅਜਿਹੀ ਸਥਿਤੀ ਨੂੰ ਮਹਿਸੂਸ ਕਰ ਰਿਹਾ ਹਾਂ।’’
ਡੀ.ਐਮ.ਕੇ. ਨੇਤਾ ਉਦੈਨਿਧੀ ਸਟਾਲਿਨ ਨੇ ਹਾਲ ਹੀ ’ਚ ਸਨਾਤਨ ਧਰਮ ਨੂੰ ਲੋਕਾਂ ’ਚ ਵੰਡ ਅਤੇ ਵਿਤਕਰੇ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ।