
ਈਡੀ ਨੇ ਚਾਰਜਸ਼ੀਟ ਕੀਤੀ ਦਾਖ਼ਲ
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੱਤਰਕਾਰ ਰਾਣਾ ਅਯੂਬ ਖਿਲਾਫ਼ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਜਨਤਕ ਤੌਰ 'ਤੇ ਇਕੱਠੇ ਕੀਤੇ 2.69 ਕਰੋੜ ਰੁਪਏ ਨੂੰ ਆਪਣੇ ਉਦੇਸ਼ਾਂ ਲਈ ਵਰਤਿਆ ਅਤੇ ਵਿਦੇਸ਼ੀ ਕਾਨੂੰਨ ਦੀ ਉਲੰਘਣਾ ਵੀ ਕੀਤੀ।
ਸੰਘੀ ਏਜੰਸੀ ਨੇ 12 ਅਕਤੂਬਰ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਵਿੱਚ ਅਯੂਬ ਵਿਰੁੱਧ ਮੁਕੱਦਮੇ ਦੀ ਸ਼ਿਕਾਇਤ ਦਾਇਰ ਕੀਤੀ ਸੀ। ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿਚ, ਈਡੀ ਨੇ ਕਿਹਾ, "ਰਾਣਾ ਅਯੂਬ ਨੇ ਚੈਰੀਟੇਬਲ ਕੰਮਾਂ ਲਈ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ ਅਪ੍ਰੈਲ, 2020 ਤੋਂ 'ਕੇਟੋ ਪਲੇਟਫਾਰਮ' ਰਾਹੀਂ ਤਿੰਨ ਚੈਰਿਟੀ ਮੁਹਿੰਮਾਂ ਸ਼ੁਰੂ ਕੀਤੀਆਂ ਅਤੇ ਕੁੱਲ 2,69,44,680 ਰੁਪਏ ਇਕੱਠੇ ਕੀਤੇ। ਕੇਟੋ ਪੈਸੇ ਇਕੱਠੇ ਕਰਨ ਲਈ ਇੱਕ ਔਨਲਾਈਨ ਪਲੇਟਫਾਰਮ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮਾਂ ਅਯੂਬ ਅਤੇ ਉਨ੍ਹਾਂ ਦੀ ਟੀਮ ਵੱਲੋਂ ਝੁੱਗੀ-ਝੌਂਪੜੀ ਵਾਲਿਆਂ ਅਤੇ ਕਿਸਾਨਾਂ ਲਈ ਫੰਡ ਇਕੱਠਾ ਕਰਨ, ਆਸਾਮ, ਬਿਹਾਰ ਅਤੇ ਮਹਾਰਾਸ਼ਟਰ ਵਿਚ ਰਾਹਤ ਕਾਰਜ ਕਰਨ ਅਤੇ ਭਾਰਤ ਵਿਚ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਚਲਾਈਆਂ ਗਈਆਂ ਸਨ। ਈਡੀ ਨੇ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਔਨਲਾਈਨ ਪਲੇਟਫਾਰਮ ਤੋਂ ਜੁਟਾਏ ਗਏ ਪੈਸੇ ਅਯੂਬ ਦੇ ਪਿਤਾ ਅਤੇ ਭੈਣ ਦੇ ਖਾਤਿਆਂ ਵਿਚ ਮਿਲੇ ਸਨ ਅਤੇ ਬਾਅਦ ਵਿਚ ਉਨ੍ਹਾਂ ਦੇ ਨਿੱਜੀ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ ਸਨ।
ਏਜੰਸੀ ਨੇ ਦਾਅਵਾ ਕੀਤਾ ਕਿ ਅਯੂਬ ਨੇ ਇਨ੍ਹਾਂ ਫੰਡਾਂ 'ਚੋਂ 50 ਲੱਖ ਰੁਪਏ ਆਪਣੀ ਫਿਕਸਡ ਡਿਪਾਜ਼ਿਟ (FD) 'ਚ ਰੱਖੇ ਅਤੇ 50 ਲੱਖ ਰੁਪਏ ਨਵੇਂ ਬੈਂਕ ਖਾਤੇ 'ਚ ਟਰਾਂਸਫਰ ਕੀਤੇ ਗਏ। ਜਾਂਚ 'ਚ ਪਤਾ ਲੱਗਾ ਹੈ ਕਿ ਰਾਹਤ ਕਾਰਜਾਂ 'ਚ ਸਿਰਫ਼ 29 ਲੱਖ ਰੁਪਏ ਦੀ ਹੀ ਵਰਤੋਂ ਹੋਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅਯੂਬ ਨੇ ਇਹ ਦਾਅਵਾ ਕਰਨ ਲਈ ਫਰਜ਼ੀ ਬਿੱਲ ਪੇਸ਼ ਕੀਤੇ ਕਿ ਰਾਹਤ ਕਾਰਜਾਂ ਲਈ ਜ਼ਿਆਦਾ ਰਕਮ ਖਰਚ ਕੀਤੀ ਗਈ ਹੈ। ਡਾਇਰੈਕਟੋਰੇਟ ਨੇ ਕਿਹਾ ਕਿ
ਪੀਐਮਐਲਏ ਦੇ ਤਹਿਤ ਅਯੂਬ ਦੇ ਖਾਤਿਆਂ ਵਿਚ 1,77,27,704 ਰੁਪਏ (50 ਲੱਖ ਰੁਪਏ ਦੀ ਐਫਡੀ ਸਮੇਤ) ਦੀ ਰਕਮ ਜ਼ਬਤ ਕੀਤੀ ਗਈ। ਈਡੀ ਨੇ ਦੋਸ਼ ਲਾਇਆ ਕਿ ਅਯੂਬ ਨੇ 2.69 ਕਰੋੜ ਰੁਪਏ "ਗੈਰ-ਕਾਨੂੰਨੀ" ਢੰਗ ਨਾਲ ਇਕੱਠੇ ਕੀਤੇ ਅਤੇ ਜਨਤਾ ਨੂੰ "ਧੋਖਾ" ਦਿੱਤਾ। ਏਜੰਸੀ ਨੇ ਕਿਹਾ, ''ਇਹ ਫੰਡ ਨਿਸ਼ਚਿਤ ਮਕਸਦ ਲਈ ਨਹੀਂ, ਸਗੋਂ ਆਪਣੇ ਲਈ ਜਾਇਦਾਦ ਬਣਾਉਣ ਲਈ ਵਰਤੇ ਗਏ ਸਨ। ਅਯੂਬ ਨੇ ਇਨ੍ਹਾਂ ਫੰਡਾਂ ਨੂੰ ਜਾਇਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਅਯੂਬ ਨੇ ਕਿਹਾ ਕਿ ਚਾਰਜਸ਼ੀਟ "ਮੇਰੇ ਕੰਮ ਲਈ ਮੈਨੂੰ ਨਿਸ਼ਾਨਾ ਬਣਾਉਣ ਅਤੇ ਡਰਾਉਣ ਦੀ ਇੱਕ ਸਾਜ਼ਿਸ਼ ਹੈ। ਇਹ
ਪੀਐਮਐਲਏ ਐਕਟ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਦੁਰਵਰਤੋਂ ਦੀ ਇੱਕ ਹੋਰ ਉਦਾਹਰਣ ਹੈ। ਰਾਣਾ ਨੇ ਟਵੀਟ ਕੀਤਾ ਕਿ ਮੇਰੀ ਕਲਮ ਕਦੇ ਵੀ ਚੁੱਪ ਨਹੀਂ ਰਹਿ ਸਕਦੀ। ਮਜ਼ੇਦਾਰ ਗੱਲ ਇਹ ਹੈ ਕਿ ਕੱਲ੍ਹ ਹੀ ਮੈਂ ਭਾਰਤ ਵਿਚ ਅਜ਼ਾਦੀ ਪ੍ਰੈਸ 'ਤੇ ਹੋਏ ਹਮਲੇ ਬਾਰੇ ਅਮਰੀਕਾ ਵਿਚ ਇੱਕ ਸੈਮੀਨਾਰ ਕੀਤਾ ਸੀ। ਮੈਂ ਦੇਸ਼ ਵਿਚ ਗਰੀਬਾਂ ਦੇ ਸ਼ੋਸ਼ਣ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹਾਂਗੀ।