ਸੋਮਵਾਰ ਤੋਂ ਪੰਜਾਬ ’ਚ ਵੀ ਭਾਰੀ ਮੀਂਹ ਦੀ ਪੇਸ਼ਨਗੋਈ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਲਈ ਅਗਲੇ ਦੋ ਦਿਨਾਂ ਤੋਂ ਕੁਝ ਖੇਤਰਾਂ ਵਿਚ ਤੇਜ਼ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ‘ਆਰੇਂਜ’ ਅਲਰਟ ਜਾਰੀ ਕੀਤਾ ਹੈ। ਤਿੰਨ ਦਿਨਾਂ ਤਕ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਦਿਤੀ ਗਈ ਹੈ। ਮੌਸਮ ਵਿਭਾਗ ਅਨੁਸਾਰ, ਇਹ ਮੌਸਮ ਦੀ ਪਹਿਲੀ ਤੇਜ਼ ਪਛਮੀ ਗੜਬੜ ਹੈ ਅਤੇ ਇਸ ਦਾ ਅਸਰ ਉੱਤਰ-ਪਛਮੀ ਅਤੇ ਮੱਧ ਭਾਰਤ ’ਚ 17 ਅਕਤੂਬਰ ਤਕ ਵਿਖਾਈ ਦੇਵੇਗਾ।
ਪਛਮੀ ਗੜਬੜੀ ਭੂ-ਮੱਧ ਸਾਗਰ ਖੇਤਰ ’ਚ ਪੈਦਾ ਹੋਣ ਵਾਲੀਆਂ ਮੌਸਮ ਪ੍ਰਣਾਲੀਆਂ ਹਨ ਜੋ ਉੱਤਰ-ਪਛਮੀ ਭਾਰਤ ’ਚ ਬੇਮੌਸਮੀ ਮੀਂਹ ਦਾ ਕਾਰਨ ਬਣਦੀਆਂ ਹਨ। ਮੌਸਮ ਵਿਭਾਗ ਅਨੁਸਾਰ ਪਛਮੀ ਗੜਬੜੀ ਦੇ ਅਸਰ ਕਾਰਨ ਸੋਮਵਾਰ ਨੂੰ ਪੰਜਾਬ ’ਚ ਵੀ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਹਨੇਰੀ ਅਤੇ ਬਿਜਲੀ ਕੜਕਣ ਦੀ ਪੇਸ਼ਨਗੋਈ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਪਛਮੀ ਗੜਬੜੀ ਦੇ ਅਸਰ ਹੇਠ, ਮੱਧ ਪਾਕਿਸਤਾਨ ਅਤੇ ਗੁਆਂਢੀ ਖੇਤਰਾਂ ’ਚ ਇਕ ਚੱਕਰਵਾਤੀ ਦੌਰਾ ਹੋਇਆ ਹੈ, ਜਿਸ ਦੇ 15 ਅਕਤੂਬਰ ਨੂੰ ਇਕ ਤਾਜ਼ਾ ਪੱਛਮੀ ਗੜਬੜ ਨਾਲ ਮਿਲਣ ਤੋਂ ਬਾਅਦ ਹੋਰ ਤੇਜ਼ ਹੋਣ ਦੀ ਉਮੀਦ ਹੈ। ਵਿਭਾਗ ਅਨੁਸਾਰ, ਇਸ ਮੌਸਮ ਪ੍ਰਣਾਲੀ ’ਚ ਅਰਬ ਸਾਗਰ ਤੋਂ ਨਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਇਸੇ ਸਮੇਂ ਦੌਰਾਨ ਉੱਤਰ-ਪਛਮੀ ਭਾਰਤ ’ਚ ਮੀਂਹ ਦੀ ਤੀਬਰਤਾ ਅਤੇ ਹੱਦ ਵਧੇਗੀ।
ਮੌਸਮ ਵਿਭਾਗ ਦੇ ਅਨੁਸਾਰ, ਪਛਮੀ ਗੜਬੜੀ ਦੇ ਲੰਘਣ ਤੋਂ ਬਾਅਦ, ਹਿਮਾਲਿਆ ਤੋਂ ਆਉਣ ਵਾਲੀਆਂ ਖੁਸ਼ਕ ਉੱਤਰ-ਪੱਛਮੀ ਹਵਾਵਾਂ ਉੱਤਰ-ਪੱਛਮੀ ਭਾਰਤ ਵਿੱਚ ਹੇਠਲੇ ਟ੍ਰਪੋਸਫੇਰਿਕ ਪੱਧਰ ’ਤੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ 17 ਅਕਤੂਬਰ ਤੋਂ ਖੇਤਰ ਦੇ ਤਾਪਮਾਨ ’ਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੇਣ ਲਈ ਚਾਰ ਅਲਰਟ ਰੰਗਾਂ ਦੀ ਵਰਤੋਂ ਕਰਦਾ ਹੈ, ਜਿਸ ’ਚ ਹਰਾ (ਕੋਈ ਕਾਰਵਾਈ ਦੀ ਲੋੜ ਨਹੀਂ), ਪੀਲਾ (ਵੇਖੋ ਅਤੇ ਸੁਚੇਤ ਰਹੋ), ਸੰਤਰੀ (ਤਿਆਰ ਰਹੋ) ਅਤੇ ਲਾਲ (ਕਾਰਵਾਈ ਕਰੋ) ਸ਼ਾਮਲ ਹਨ।