
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਕੀਤੀ ਨਿੰਦਾ
ਨਵੀਂ ਦਿੱਲੀ : ਮਣੀਪੁਰ ਦੇ ਚੁਰਾਚਾਂਦਪੁਰ ਵਿਚ ਅੱਜ ਹੋਏ ਇਕ ਹਮਲੇ ਵਿਚ ਭਾਰਤੀ ਫ਼ੌਜ ਦਾ ਇਕ ਕਰਨਲ, ਉਸ ਦੀ ਪਤਨੀ, 8 ਸਾਲ ਦਾ ਉਸ ਦਾ ਲੜਕਾ ਤੇ ਆਸਾਮ ਰਾਈਫ਼ਲਜ਼ ਦੇ ਚਾਰ ਜਵਾਨ ਮਾਰੇ ਗਏ। ਕਰਨਲ ਵਿਪਲਵ ਤ੍ਰਿਪਾਠੀ 46ਵੀਂ ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਆਫ਼ੀਸਰ (ਸੀ.ਓ) ਸਨ।
Rajnath singh
ਅਧਿਕਾਰੀਆਂ ਨੇ ਦਸਿਆ ਕਿ ਦੇਹੇਂਗ ਖੇਤਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਘਾਤ ਲਗਾ ਕੇ ਕੀਤੇ ਗਏ ਇਸ ਹਮਲੇ ਵਿਚ ਚਾਰ ਹੋਰ ਲੋਕ ਜ਼ਖ਼ਮੀ ਹੋਏ ਹਨ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਕਾਇਰਾਨਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇ।
PM Modi
ਰਖਿਆ ਮੰਤਰੀ ਨੇ ਟਵੀਟ ਕੀਤਾ, ‘‘ਮਣੀਪੁਰ ਦੇ ਚੁਰਾਚਾਂਦਪੁਰ ਵਿਚ ਆਸਾਮ ਰਾਈਫ਼ਲਜ਼ ਦੇ ਕਾਫ਼ਲੇ ’ਤੇ ਕਾਇਰਾਨਾ ਹਮਲਾ ਬੇਹੱਦ ਦੁਖਦਾਇਕ ਅਤੇ ਨਿੰਦਣਯੋਗ ਹੈ। ਦੇਸ਼ ਨੇ 46ਵੀਂ ਆਸਾਮ ਰਾਈਫ਼ਲਜ਼ ਦੇ ਸੀ.ਓ. ਸਣੇ 5 ਬਹਾਦਰ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਵਾਰ ਦੇ ਦੋ ਮੈਂਬਰਾਂ ਨੂੰ ਗੁਆ ਦਿਤਾ ਹੈ।’’ ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਕਿਹਾ ਕਿ ਰਾਜ ਦੇ ਸੁਰੱਖਿਆ ਬਲ ਅਤੇ ਅਰਧ ਸੈਨਿਕ ਬਲ ਪਹਿਲਾਂ ਤੋਂ ਹੀ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ।
manipur attack
ਮੁੱਖ ਮੰਤਰੀ ਨੇ ਟਵੀਟਰ ’ਤੇ ਕਿਹਾ, ‘‘ਹਮਲਾਵਰਾਂ ਨੂੰ ਛੇਤੀ ਅਦਾਲਤੀ ਪ੍ਰਕਿਰਿਆ ਵਿਚੋਂ ਲੰਘਣਾ ਪਵੇਗਾ।’’ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਜਵਾਨਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਇਸ ਦੁੱਖ ਦੀ ਘੜੀ ਮੈਂ ਮਰਨ ਵਾਲਿਆਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਾ ਹਾਂ।’’