4 ਨਵੰਬਰ ਨੂੰ ਤਿਹਾੜ ਜੇਲ੍ਹ ਦੇ ਡੀਜੀ ਨੂੰ ਗਿਆ ਸੀ ਬਦਲਿਆ
ਨਵੀਂ ਦਿੱਲੀ: ਤਿਹਾੜ ਜੇਲ੍ਹ ਦੀ ਬੈਰਕ ਨੰਬਰ 7 ਦੇ ਸੁਪਰਡੈਂਟ ਅਜੀਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਵੀਆਈਪੀ ਟ੍ਰੀਟਮੈਂਟ ਦੇਣ ਅਤੇ ਜੇਲ੍ਹ ਵਿੱਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਧਮਕੀਆਂ ਦੇਣ ਦੇ ਦੋਸ਼ ਵਿੱਚ ਕੁਮਾਰ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਦਰਅਸਲ, ਠੱਗ ਸੁਕੇਸ਼ ਚੰਦਰਸ਼ੇਖਰ ਨੇ ਹਾਲ ਹੀ ਵਿੱਚ ਦਿੱਲੀ ਦੇ LG ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖ ਕੇ ਜੇਲ੍ਹ ਸੁਪਰਡੈਂਟ 'ਤੇ ਜੈਨ ਦਾ ਪੱਖ ਪੂਰਨ ਦਾ ਦੋਸ਼ ਲਗਾਇਆ ਸੀ। ਸੁਕੇਸ਼ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਤੇਂਦਰ ਜੈਨ ਅਤੇ ਕੈਲਾਸ਼ ਗਹਿਲੋਤ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਧਮਕੀਆਂ ਮਿਲਣ ਦੀ ਗੱਲ ਵੀ ਕਹੀ।
ਇਸ ਤੋਂ ਬਾਅਦ ਐੱਲਜੀ ਨੇ ਜਾਂਚ ਕਮੇਟੀ ਬਣਾਈ। ਕੁਮਾਰ ਨੂੰ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਹੀ ਮੁਅੱਤਲ ਕੀਤਾ ਗਿਆ ਹੈ। ਇੱਕ ਹਫ਼ਤਾ ਪਹਿਲਾਂ ਯਾਨੀ 4 ਨਵੰਬਰ ਨੂੰ ਤਿਹਾੜ ਜੇਲ੍ਹ ਦੇ ਡੀਜੀ ਨੂੰ ਵੀ ਬਦਲ ਦਿੱਤਾ ਗਿਆ ਸੀ। ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਰੱਖਿਆ ਦੇਣ ਦੇ ਦੋਸ਼ ਲੱਗਣ ਤੋਂ ਬਾਅਦ ਤਤਕਾਲੀ ਜੇਲ ਡੀਜੀ ਸੰਦੀਪ ਗੋਇਲ ਨੂੰ ਹਟਾ ਕੇ ਸੰਜੇ ਬੈਨੀਵਾਲ ਨੂੰ ਜੇਲ੍ਹ ਦਾ ਡੀਜੀ ਬਣਾਇਆ ਗਿਆ ਸੀ। ਸੁਕੇਸ਼ ਨੇ ਦੋਸ਼ ਲਾਇਆ ਸੀ ਕਿ ਗੋਇਲ ਨੇ ਸੁਰੱਖਿਆ ਦੇ ਬਦਲੇ 10 ਕਰੋੜ ਰੁਪਏ ਲਏ ਸਨ, ਜਿਸ ਵਿੱਚ ਸਤੇਂਦਰ ਜੈਨ ਵੀ ਸ਼ਾਮਲ ਸੀ।
30 ਮਈ ਨੂੰ ਈਡੀ ਨੇ ਦਿੱਲੀ ਸਰਕਾਰ ਦੇ ਜੇਲ੍ਹ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜੈਨ ਉਦੋਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਚੱਲ ਰਹੀ ਹੈ। ਹਾਲ ਹੀ 'ਚ ਮੰਡੋਲੀ ਜੇਲ੍ਹ 'ਚ ਬੰਦ ਸੁਕੇਸ਼ ਚੰਦਰਸ਼ੇਖਰ ਨਾਂ ਦੇ ਠੱਗ ਨੇ ਜੈਨ, ਜੇਲ ਅਧਿਕਾਰੀਆਂ ਅਤੇ ਕੇਜਰੀਵਾਲ 'ਤੇ ਕਈ ਦੋਸ਼ ਲਾਉਂਦੇ ਹੋਏ ਪੱਤਰ ਲਿਖਿਆ ਸੀ।