
ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਲਈ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਚੋਣ ਰੱਦ ਕਰਨ ਦੀ ਮੰਗ ਕਰਨ ਵਾਲੀ ਅਪੀਲ 'ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ.......
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਲਈ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਚੋਣ ਰੱਦ ਕਰਨ ਦੀ ਮੰਗ ਕਰਨ ਵਾਲੀ ਅਪੀਲ 'ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਅਪੀਲ 'ਚ ਦੋਸ਼ ਲਾਇਆ ਗਿਆ ਹੈ ਕਿ ਫੜਨਵੀਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਅਪਣੇ ਹਲਫ਼ਨਾਮੇ 'ਚ ਉਨ੍ਹਾਂ ਵਿਰੁਧ ਚਲ ਰਹੇ ਅਪਰਾਧਕ ਮਾਮਲਿਆਂ ਦਾ ਪ੍ਰਗਟਾਵਾ ਨਹੀਂ ਕੀਤਾ ਸੀ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਕੇ.ਐਮ. ਜੋਸੇਫ਼ ਦੀ ਬੈਂਚ ਨੇ ਬੰਬਈ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸਤੀਸ਼ ਉਕੇ ਦੀ ਅਪੀਲ 'ਤੇ ਫੜਨਵੀਸ ਤੋਂ ਜਵਾਬ ਮੰਗਿਆ ਸੀ।
ਹਾਈ ਕੋਰਟ ਨੇ ਸਾਰੇ ਅਪਰਾਧਕ ਮਾਮਲਿਆਂ ਦਾ ਪ੍ਰਗਟਾਵਾ ਨਹੀਂ ਕਰਨ ਦੇ ਆਧਾਰ 'ਤੇ ਫੜਨਵੀਸ ਦੀ ਚੋਣ ਰੱਦ ਕਰਨ ਤੋਂ ਇਨਕਾਰ ਕਰਦਿਆਂ ਸਤੀਸ਼ ਉਕੇ ਦੀ ਅਪੀਲ ਖ਼ਾਰਜ ਕਰ ਦਿਤੀ ਸੀ।ਅਦਾਲਤ ਇਸੇ ਫ਼ੈਸਲੇ ਵਿਰੁਧ ਉਕੇ ਦੀ ਅਪੀਲ 'ਤੇ ਸੁਣਵਾਈ ਕਰ ਰਿਹਾ ਸੀ। ਉਧਰ ਮੁੰਬਈ 'ਚ ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ 'ਚ ਕਿਹਾ ਕਿ ਅਦਾਲਤ ਦਾ ਨੋਟਿਸ, ਅਪੀਲ ਨੂੰ ਮਨਜ਼ੂਰ ਕੀਤਾ ਜਾਣਾ ਜਾਂ ਨਹੀਂ, ਇਸ ਬਾਬਤ ਇਕ ਅਪੀਲ ਦਾਇਰ ਕੀਤੀ ਗਈ ਸੀ। ਇਸੇ ਅਪੀਲ 'ਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ। ਮੁੱਖ ਮੰਤਰੀ ਦਫ਼ਤਰ ਨੇ ਇਸ ਬਿਆਨ 'ਚ ਕਿਹਾ ਕਿ ਅਦਾਲਤ ਦਾ ਨੋਟਿਸ ਅਪੀਲ ਨੂੰ ਮਨਜ਼ੂਰ ਕੀਤਾ ਜਾਵੇ ਜਾਂ ਨਹੀਂ, ਇਸ ਬਾਬਤ ਭੇਜਿਆ ਗਿਆ ਹੈ। (ਪੀਟੀਆਈ)