
ਦੇਸ਼ ਵਿਚ ਤੇਜ਼ਾਬ ਇੰਨੀ ਆਸਾਨੀ ਨਾਲ ਇੰਝ ਵਿਕ ਰਿਹਾ ਹੈ ਜਿਵੇਂ ਸਬਜ਼ੀਆਂ ਵਿਕਦੀਆਂ ਹਨ : ਸਵਾਤੀ ਮਾਲੀਵਾਲ
ਇੱਕ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਨਵੀਂ ਦਿੱਲੀ : ਦਿੱਲੀ ਦੇ ਦਵਾਰਕਾ ਇਲਾਕੇ 'ਚ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਵਿਦਿਆਰਥਣ 'ਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਬੁੱਧਵਾਰ ਸਵੇਰ ਦੀ ਹੈ। ਪੀੜਤ ਨੂੰ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੇ ਅਧਿਕਾਰੀ ਵੀ ਹਸਪਤਾਲ ਪਹੁੰਚ ਗਏ ਹਨ। ਇਕ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਪੁਲਿਸ ਮੁਤਾਬਕ ਪੀ.ਐਸ.ਮੋਹਨ ਗਾਰਡਨ ਇਲਾਕੇ 'ਚ ਇਕ ਵਿਦਿਆਰਥਣ 'ਤੇ ਤੇਜ਼ਾਬ ਸੁੱਟਣ ਦੀ ਘਟਨਾ ਸਬੰਧੀ ਸਵੇਰੇ 9 ਵਜੇ ਦੇ ਕਰੀਬ ਪੀਸੀਆਰ ਨੂੰ ਕਾਲ ਆਈ ਸੀ। ਇਸ ਵਿਚ ਕਿਹਾ ਗਿਆ ਹੈ ਕਿ ਸਵੇਰੇ 7.30 ਵਜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾ ਨੇ ਇਕ 17 ਸਾਲਾ ਲੜਕੀ 'ਤੇ ਤੇਜ਼ਾਬ ਵਰਗੇ ਪਦਾਰਥ ਨਾਲ ਹਮਲਾ ਕੀਤਾ।
ਘਟਨਾ ਸਮੇਂ ਲੜਕੀ ਆਪਣੀ ਛੋਟੀ ਭੈਣ ਦੇ ਨਾਲ ਸੀ। ਉਸ ਨੇ ਆਪਣੇ ਜਾਣ-ਪਛਾਣ ਵਾਲੇ ਦੋ ਵਿਅਕਤੀਆਂ 'ਤੇ ਸ਼ੱਕ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਵਿਦਿਆਰਥਣ ਦੀ ਹਾਲਤ ਸਥਿਰ ਹੈ।
ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਦਵਾਰਕਾ ਮੋੜ ਨੇੜੇ ਇਕ ਸਕੂਲੀ ਵਿਦਿਆਰਥਣ 'ਤੇ ਤੇਜ਼ਾਬ ਸੁੱਟਿਆ ਗਿਆ। ਟੀਮ ਪੀੜਤ ਦੀ ਮਦਦ ਲਈ ਹਸਪਤਾਲ ਪਹੁੰਚ ਰਹੀ ਹੈ। ਧੀ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਦੇਸ਼ 'ਚ ਤੇਜ਼ਾਬ 'ਤੇ ਪਾਬੰਦੀ ਲਗਾਉਣ ਲਈ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ। ਸਰਕਾਰਾਂ ਕਦੋਂ ਜਾਗਣਗੀਆਂ?
ਉਨ੍ਹਾਂ ਕਿਹਾ ਦੇਸ਼ ਦੀ ਰਾਜਧਾਨੀ 'ਚ ਦਿਨ ਦਿਹਾੜੇ ਇੱਕ ਬੱਚੀ 'ਤੇ ਦੋ ਬਦਮਾਸ਼ਾਂ ਨੇ ਤੇਜ਼ਾਬ ਸੁੱਟ ਦਿੱਤਾ। ਕੀ ਕਿਸੇ ਨੂੰ ਕਾਨੂੰਨ ਦਾ ਡਰ ਹੈ? ਅੱਜ ਦੇਸ਼ ਵਿੱਚ ਤੇਜ਼ਾਬ ਇੰਨੀ ਆਸਾਨੀ ਨਾਲ ਵਿਕ ਰਿਹਾ ਹੈ ਜਿੰਨੀ ਆਸਾਨੀ ਨਾਲ ਸਬਜ਼ੀਆਂ ਵਿਕਦੀਆਂ ਹਨ। ਸਾਡੀਆਂ ਕਈ ਰਿਪੋਰਟਾਂ ਦੇ ਬਾਵਜੂਦ ਸਰਕਾਰ ਤੇਜ਼ਾਬ ਦੀ ਵਿਕਰੀ 'ਤੇ ਪੂਰਨ ਪਾਬੰਦੀ ਕਿਉਂ ਨਹੀਂ ਲਗਾਉਂਦੀ?