
Delhi News : ‘ਸੰਵਿਧਾਨ ਦਾ 75 ਸਾਲ ਦਾ ਮਾਣਮੱਤਾ ਸਫ਼ਰ’ ’ਤੇ ਚਰਚਾ ਦਾ ਪ੍ਰਧਾਨ ਮੰਤਰੀ ਨੇ ਦਿਤਾ ਜਵਾਬ, ‘ਇਕ ਪਰਵਾਰ ਨੇ ਸੰਵਿਧਾਨ ਨੂੰ ਹਰ ਪੱਧਰ ’ਤੇ ਚੁਨੌਤੀ ਦਿਤੀ’
Delhi News In Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਲੋਕ ਸਭਾ ’ਚ ਐਮਰਜੈਂਸੀ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਰੋਧੀ ਪਾਰਟੀ ਦੇ ਮੱਥੇ ’ਤੇ ਲੱਗੇ ਕਲੰਕ ਨੂੰ ਕਦੇ ਨਹੀਂ ਮਿਟ ਸਕੇਗਾ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ‘ਖ਼ੂਨ-ਚਖਣ’ ਤੋਂ ਬਾਅਦ ਸੰਵਿਧਾਨ ਨੂੰ ਵਾਰ-ਵਾਰ ਜ਼ਖ਼ਮੀ ਕੀਤਾ ਜਦਕਿ 2014 ’ਚ ਸੱਤਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦਾ ਉਦੇਸ਼ ਸੰਵਿਧਾਨ ਦੇ ਨਜ਼ਰੀਏ ਅਨੁਸਾਰ ਭਾਰਤ ਦੀ ਤਾਕਤ ਅਤੇ ਏਕਤਾ ਨੂੰ ਉਤਸ਼ਾਹਿਤ ਕਰਨਾ ਹੈ।
ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ 75 ਸਾਲਾਂ ਦੇ ਸਫ਼ਰ ਨੂੰ ‘ਅਸਾਧਾਰਨ’ ਕਰਾਰ ਦਿਤਾ ਅਤੇ ਵਿਰੋਧੀ ਧਿਰ, ਖ਼ਾਸ ਕਰ ਕੇ ਕਾਂਗਰਸ ’ਤੇ ਨਿਸ਼ਾਨਾ ਵਿੰਨਿ੍ਹਦਿਆਂ ਕਿਹਾ ਕਿ ਇਸ ਦੌਰਾਨ 55 ਸਾਲ ‘ਇਕ ਹੀ ਪਰਵਾਰ’ ਨੇ ਰਾਜ ਕੀਤਾ, ਜਿਸ ਨੇ ਦੇਸ਼ ਦੇ ਸੰਵਿਧਾਨ ਨੂੰ ਤਾਰ-ਤਾਰ ਕਰਦਿਆਂ ਐਮਰਜੈਂਸੀ ਲਗਾਈ, ਅਦਾਲਤ ਦੇ ‘ਖੰਭ’ ਕੁਤਰੇ ਅਤੇ ਸੰਸਦ ਦਾ ‘ਗਲ ਘੋਟਣ’ ਤਕ ਦਾ ਕੰਮ ਕੀਤਾ। ਸਦਨ ’ਚ ‘ਸੰਵਿਧਾਨ ਦੇ 75 ਸਾਲਾਂ ਦੇ ਮਾਣਮੱਤੇ ਸਫ਼ਰ’ ’ਤੇ ਬਹਿਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨਹਿਰੂ-ਗਾਂਧੀ ਪਰਵਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਪਰਵਾਰ ਨੇ ਸੰਵਿਧਾਨ ਨੂੰ ਹਰ ਪੱਧਰ ’ਤੇ ਚੁਨੌਤੀ ਦਿਤੀ ਹੈ।
ਐਮਰਜੈਂਸੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਜਦੋਂ ਵੀ ਦੁਨੀਆਂ ’ਚ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਕਾਂਗਰਸ ਦੇ ਮੱਥੇ ਤੋਂ ਇਹ ਕਲੰਕ ਕਦੇ ਨਹੀਂ ਮਿਟ ਸਕੇਗਾ ਕਿਉਂਕਿ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਦੀ ਤਪੱਸਿਆ ਨੂੰ ਮਿੱਟੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ।’’
ਨਹਿਰੂ-ਗਾਂਧੀ ਪਰਵਾਰ ਦੇ ਮੈਂਬਰਾਂ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਇਕ ਪਰਵਾਰ ਨੇ ਸੰਵਿਧਾਨ ਨੂੰ ਢਾਹ ਲਾਉਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ, ‘‘ਇਸ ਪਰਵਾਰ ਨੇ ਸੰਵਿਧਾਨ ਨੂੰ ਹਰ ਪੱਧਰ ’ਤੇ ਚੁਨੌਤੀ ਦਿਤੀ। ਮੈਂ ਇਸ ਪਰਵਾਰ ਦੀ ਗੱਲ ਇਸ ਲਈ ਵੀ ਕਰਦਾ ਹਾਂ ਕਿਉਂਕਿ 75 ਸਾਲਾਂ ਦੇ ਇਸ ਸਫ਼ਰ ’ਚ ਇਕ ਹੀ ਪਰਵਾਰ ਨੇ 55 ਸਾਲ ਰਾਜ ਕੀਤਾ ਹੈ, ਇਸ ਲਈ ਦੇਸ਼ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਕੀ ਹੋਇਆ ਹੈ।’’
ਉਨ੍ਹਾਂ ਕਿਹਾ ਕਿ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਪਣਾ ਸੰਵਿਧਾਨ ਚਲਦਾ ਸੀ ਅਤੇ ਇਸੇ ਲਈ ਉਨ੍ਹਾਂ ਨੇ ਅਪਣੇ ਸਮੇਂ ਦੇ ਸੀਨੀਅਰ ਪਤਵੰਤਿਆਂ ਦੀ ਸਲਾਹ ਵੀ ਨਹੀਂ ਸੁਣੀ। ਮੋਦੀ ਨੇ ਕਿਹਾ ਕਿ ਨਹਿਰੂ ਨੇ ਇਕ ਚਿੱਠੀ ਲਿਖੀ ਸੀ ਜਿਸ ’ਚ ਕਿਹਾ ਕਿ ਜੇਕਰ ‘ਸਾਡੇ ਰਾਹ ’ਚ ਸੰਵਿਧਾਨ ਵੀ ਆਵੇ ਤਾਂ ਉਸ ਨੂੰ ਬਦਲ ਦਿਉ।’ ਮੋਦੀ ਨੇ ਕਿਹਾ, ‘‘ਲਗਭਗ 6 ਦਹਾਕਿਆਂ ’ਚ 75 ਵਾਰ ਸੰਵਿਧਾਨ ਬਦਲਿਆ ਗਿਆ, ਜੋ ਬੀਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਬੀਜਿਆ ਸੀ, ਉਸ ਨੂੰ ਖਾਦ ਅਤੇ ਪਾਣੀ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਦਿਤਾ ਸੀ, ਉਨ੍ਹਾਂ ਦਾ ਨਾਂ ਸ਼੍ਰੀਮਤੀ ਇੰਦਰਾ ਗਾਂਧੀ ਸੀ।’’
ਉਨ੍ਹਾਂ ਕਿਹਾ ਕਿ 1971 ’ਚ ਸੁਪਰੀਮ ਕੋਰਟ ਦਾ ਇਕ ਫੈਸਲਾ ਆਇਆ ਸੀ, ਉਸ ਫੈਸਲੇ ਨੂੰ ਵੀ ਸੰਵਿਧਾਨ ’ਚ ਬਦਲਾਅ ਕਰ ਕੇ ਅਤੇ ‘ਸਾਡੇ ਦੇਸ਼ ਦੀ ਅਦਾਲਤ ਦੇ ਖੰਭ ਕੱਟ ਕੇ’ ਪਲਟ ਦਿਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਨਹਿਰੂ-ਗਾਂਧੀ ਪਰਵਾਰ ਦੀ ਮੌਜੂਦਾ ਪੀੜ੍ਹੀ ਵੀ ਸੰਵਿਧਾਨ ਦਾ ਕਿੰਨਾ ਸਤਿਕਾਰ ਕਰਦੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਉਨ੍ਹਾਂ ਕਿਹਾ, ‘‘ਇਕ ਨੌਜੁਆਨ ਕਾਂਗਰਸੀ ਆਗੂ ਨੇ ਪ੍ਰੈਸ ਦੇ ਸਾਹਮਣੇ ਕੇਂਦਰ ਸਰਕਾਰ ਦੀ ਕੈਬਨਿਟ ਵਲੋਂ ਮਨਜ਼ੂਰ ਕੀਤੇ ਫੈਸਲੇ ਨੂੰ ਪਾੜ ਦਿਤਾ। ਇਹ ਦਰਸਾਉਂਦਾ ਹੈ ਕਿ ਇਹ ਪਰਵਾਰ ਸੰਵਿਧਾਨ ਪ੍ਰਤੀ ਕਿੰਨਾ ਸਤਿਕਾਰ ਕਰਦਾ ਹੈ।’’
ਮੋਦੀ ਨੇ ਕਿਹਾ, ‘‘ਕਾਂਗਰਸ ਦੇ ਮੂੰਹ ’ਚ ਅਜਿਹਾ ਖੂਨ ਆਇਆ ਕਿ ਉਹ ਸਮੇਂ-ਸਮੇਂ ’ਤੇ ਸੰਵਿਧਾਨ ਦਾ ਸ਼ਿਕਾਰ ਕਰਦੀ ਰਹੀ ਅਤੇ ਸੰਵਿਧਾਨ ਦੀ ਆਤਮਾ ਦਾ ਖੂਨ ਵਹਾਉਂਦੀ ਰਹੀ।’’ ਕਿਸੇ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ ਕਿ ਸੰਵਿਧਾਨ ਵੰਨ-ਸੁਵੰਨਤਾ ’ਚ ਏਕਤਾ ਦੀ ਭਾਵਨਾ ਦਾ ਸੰਦੇਸ਼ ਦਿੰਦਾ ਹੈ ਪਰ ਆਜ਼ਾਦੀ ਤੋਂ ਬਾਅਦ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ, ‘‘ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਹਾਂ ਕਿ ਸੰਵਿਧਾਨ ਨਿਰਮਾਤਾਵਾਂ ਦੇ ਮਨਾਂ ਵਿਚ ਏਕਤਾ ਦੀ ਭਾਵਨਾ ਸੀ ਪਰ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਦੀ ਮੂਲ ਭਾਵਨਾ ’ਤੇ ਹਮਲਾ ਕੀਤਾ ਗਿਆ ਅਤੇ ਗੁਲਾਮੀ ਦੀ ਮਾਨਸਿਕਤਾ ਵਿਚ ਵੱਡੇ ਹੋਏ ਲੋਕ ਵੰਨ-ਸੁਵੰਨਤਾ ਵਿਚ ਏਕਤਾ ਦੀ ਬਜਾਏ ਆਪਾ-ਵਿਰੋਧੀ ਗੱਲਾਂ ਲੱਭਦੇ ਰਹੇ।’’
ਉਨ੍ਹਾਂ ਕਿਹਾ, ‘ਸਾਡੀ ਸਰਕਾਰ ਦੇ ਫੈਸਲੇ ਲਗਾਤਾਰ ਭਾਰਤ ਦੀ ਏਕਤਾ ਨੂੰ ਮਜ਼ਬੂਤ ਕਰਨ ਲਈ ਲਏ ਗਏ ਹਨ। ਧਾਰਾ 370 ਏਕਤਾ ’ਚ ਰੁਕਾਵਟ ਸੀ ਅਤੇ ਇਸੇ ਲਈ ਅਸੀਂ ਇਸ ਨੂੰ ਜ਼ਮੀਨ ’ਚ ਦਫਨਾ ਦਿਤਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰੀ ਅਤੀਤ ਵਿਸ਼ਵ ਲਈ ਪ੍ਰੇਰਣਾ ਸਰੋਤ ਰਿਹਾ ਹੈ ਅਤੇ ਇਸ ਤਰ੍ਹਾਂ ਦੇਸ਼ ਨੂੰ ਲੋਕਤੰਤਰ ਦੀ ਮਾਂ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਸੰਵਿਧਾਨ ਲਾਗੂ ਹੋਣ ਦੇ 75 ਸਾਲ ਮਨਾ ਰਹੇ ਹਾਂ ਤਾਂ ਇਹ ਇਕ ਚੰਗਾ ਇਤਫਾਕ ਹੈ ਕਿ ਸਾਡੇ ਕੋਲ ਇਕ ਔਰਤ ਰਾਸ਼ਟਰਪਤੀ ਦੇ ਅਹੁਦੇ ’ਤੇ ਹੈ ਜੋ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਹੈ।’’ ਮੋਦੀ ਨੇ ਕਿਹਾ ਕਿ ਭਾਰਤ ਬਹੁਤ ਜਲਦੀ ਦੁਨੀਆਂ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਸ਼ਕਤੀ ਬਣਨ ਦੀ ਦਿਸ਼ਾ ’ਚ ਬਹੁਤ ਮਜ਼ਬੂਤ ਕਦਮ ਚੁੱਕ ਰਿਹਾ ਹੈ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਸੰਕਲਪ ਹੈ ਕਿ ਆਜ਼ਾਦੀ ਦੇ ਸ਼ਤਾਬਦੀ ਸਾਲ ਤਕ ਇਸ ਨੂੰ ਵਿਕਸਤ ਭਾਰਤ ਬਣਾਇਆ ਜਾਵੇ।
ਦੇਸ਼ ਵਾਸੀਆਂ ਨੂੰ ਦਿਤੇ 11 ਸੰਕਲਪ
ਅਪਣੇ ਸੰਬੋਧਨ ਦੇ ਅੰਤ ’ਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ 11 ਸੰਕਲਪ ਦਿੰਦਿਆਂ ਕਿਹਾ, ‘‘ਪਹਿਲਾ ਸੰਕਲਪ ਹੋਵੇ ਭਾਵੇਂ ਨਾਗਿਰਕ ਹੋਵੇ ਜਾਂ ਸਰਕਾਰ ਹੋਵੇ ਸਾਰੇ ਅਪਣੇ ਫ਼ਰਜ਼ਾਂ ਦਾ ਪਾਲਣ ਕਰਨਗੇ, ਦੂਜਾ ਹਰ ਖੇਤਰ, ਹਰ ਸਮਾਜ ਨੂੰ ਵਿਕਾਸ ਦਾ ਲਾਭ ਮਿਲੇ, ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ ਹੋਵੇ, ਤੀਜਾ ਭ੍ਰਿਸ਼ਟਾਚਾਰ ਪ੍ਰਤੀ ਬਿਲਕੁਲ ਵੀ ਬਰਦਾਸ਼ਤ ਨਾ ਹੋਵੇ, ਭ੍ਰਿਸ਼ਟਾਚਾਰੀ ਦੀ ਸਮਾਜਕ ਸਵੀਕਾਰਤਾ ਨਾ ਹੋਵੇ, ਚੌਥਾ ਦੇਸ਼ ਦੇ ਕਾਨੂੰਨ, ਨਿਯਮ, ਪਰੰਪਰਾਵਾਂ ਦੀ ਪਾਲਣਾ ’ਚ ਦੇਸ਼ ਦੇ ਨਾਗਰਿਕਾਂ ਨੂੰ ਮਾਣ ਹੋਣਾ ਚਾਹੀਦਾ ਹੈ, ਪੰਜਵਾਂ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਹੋਵੇ, ਦੇਸ਼ ਦੀ ਵਿਰਾਸਤ ’ਤੇ ਮਾਣ ਹੋਵੇ, ਛੇਵਾਂ, ਦੇਸ਼ ਦੀ ਸਿਆਸਤ ਨੂੰ ਪਰਿਵਾਰਵਾਦ ਤੋਂ ਮੁਕਤੀ ਮਿਲੇ, ਸਤਵਾਂ ਸੰਵਿਧਾਨ ਦਾ ਮਾਣ ਹੋਵੇ, ਸਿਆਸੀ ਸਵਾਰਥ ਲਈ ਸੰਵਿਧਾਨ ਨੂੰ ਹਥਿਆਰ ਨਾ ਬਣਾਇਆ ਜਾਵੇ, ਅਠਵਾਂ ਸੰਵਿਧਾਨ ਦੀ ਭਾਵਨਾ ਪ੍ਰਤੀ ਸਮਰਪਣ ਰਖਦਿਆਂ, ਜਿਨ੍ਹਾਂ ਨੂੰ ਰਾਖਵਾਂਕਰਨ ਮਿਲ ਰਿਹਾ ਹੈ ਉਹ ਨਾ ਖੋਹਿਆ ਜਾਵੇ ਅਤੇ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੀ ਹਰ ਕੋਸ਼ਿਸ਼ ’ਤੇ ਰੋਕ ਲੱਗੇ, ਨੌਵਾਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ’ਚ ਭਾਰਤ ਦੁਨੀਆਂ ਲਈ ਮਿਸਾਲ ਬਣੇ, ਦਸਵਾਂ ਸੂਬਿਆਂ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ, ਇਹੀ ਸਾਡੇ ਵਿਕਾਸ ਦਾ ਮੰਤਰ ਹੋਵੇ ਅਤੇ ਗਿਆਰਵਾਂ ਇਕ ਭਾਰਤ, ਸ਼੍ਰੇਸ਼ਠ ਭਾਰਤ ਦਾ ਦੇਸ਼ ਸਭ ਤੋਂ ਉੱਪਰ ਹੋਵੇ।
ਪ੍ਰਧਾਨ ਮੰਤਰੀ ਦੇ ਭਾਸ਼ਣ ’ਚ ਦੋਸ਼ਾਂ ਤੋਂ ਇਲਾਵਾ ਕੁਝ ਨਹੀਂ ਸੀ : ਕਾਂਗਰਸ
ਕਾਂਗਰਸ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਲੋਕ ਸਭਾ ’ਚ ਸੰਵਿਧਾਨ ’ਤੇ ਚਰਚਾ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਅਤੇ ਸਿਰਫ਼ ਕੁੱਝ ਵਿਰੋਧੀ ਪਾਰਟੀਆਂ ਵਿਰੁਧ ਦੋਸ਼ ਲਾਏ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਸੰਸਦ ’ਚ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਕਾਂਗਰਸ ਨੇ ਸਦਨ ’ਚ ਇਸ ਗੱਲ ਦਾ ਪ੍ਰਗਟਾਵਾ ਕਰ ਦਿਤਾ ਹੈ ਕਿ ਇਹ ਪੂਰੀ ਸਰਕਾਰ ਅਡਾਣੀ ਸਮੂਹ ਲਈ ਚਲ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ, ‘‘ਪ੍ਰਧਾਨ ਮੰਤਰੀ ਦੇ ਭਾਸ਼ਣ ’ਚ ਕੁੱਝ ਨਵਾਂ ਨਹੀਂ ਹੈ। ਸਿਰਫ਼ ਕਾਂਗਰਸ ਵਿਰੁਧ ਦੋਸ਼ ਲਾਏ ਹਨ। ਅਸੀਂ ਕਲ ਅਤੇ ਅੱਜ ਪ੍ਰਗਟਾਵਾ ਕਰ ਦਿਤਾ ਹੈ ਕਿ ਸਰਕਾਰ ਅਡਾਣੀ ਲਈ ਚਲ ਰਹੀ ਹੈ। ਜਿਸ ਤਰ੍ਹਾਂ ਆਰ.ਐਸ.ਐਸ. ਅਤੇ ਹਿੰਦੂ ਮਹਾਂਸਭਾ ਨੇ ਪਹਿਲੇ ਦਿਨ ਤੋਂ ਸੰਵਿਧਾਨ ਦਾ ਵਿਰੋਧ ਕੀਤਾ ਸੀ, ਇਸ ਦਾ ਵੀ ਪ੍ਰਗਟਾਵਾ ਹੋਇਆ ਹੈ।’’
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਭਾਸ਼ਣ ਸਮੇਂ ਨਾ ਤਾਂ ਪ੍ਰਧਾਨ ਮੰਤਰੀ ਅਤੇ ਨਾ ਹੀ ਗ੍ਰਹਿ ਮੰਤਰੀ ਮੌਜੂਦ ਸਨ। ਉਨ੍ਹਾਂ ਕਿਹਾ, ‘‘ਜਾਂ ਤਾਂ ਉਹ ਰਾਹੁਲ ਗਾਂਧੀ ਦਾ ਸਾਹਮਣਾ ਕਰਨ ਤੋਂ ਡਰੇ ਹੋਏ ਸਨ ਜਾਂ ਵਿਰੋਧੀ ਧਿਰ ’ਚ ਭਰੋਸਾ ਨਹੀਂ ਰਖਦੇ।’’ (ਪੀਟੀਆਈ)
(For more news apart from The stigma of Emergency will never be erased from forehead of Congress: PM Modi News in Punjabi, stay tuned to Rozana Spokesman)