
ਹਰ ਕੋਈ ਭਾਜਪਾ ਦਾ ਵਿਰੋਧ ਕਰ ਰਿਹੈ : ਅਖਿਲੇਸ਼ ਯਾਦਵ....
ਲਖਨਊ : ਸਮਾਜਵਾਦੀ ਪਾਰਟੀ ਤੇ ਬਸਪਾ ਦੇ ਮਹਾਗਠਜੋੜ ਤੋਂ ਉਤਸ਼ਾਹਤ ਰਾਸ਼ਟਰੀ ਜਨਤਾ ਦਲ ਆਗੂ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜੱਸਵੀ ਯਾਦਵ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਯੂਪੀ ਤੇ ਬਿਹਾਰ ਦੇ ਨਤੀਜੇ ਤੈਅ ਕਰਨਗੇ ਕਿ ਕੇਂਦਰ ਵਿਚ ਅਗਲੀ ਸਰਕਾਰ ਕਿਸ ਦੀ ਬਣੇਗੀ।
ਤੇਜੱਸਵੀ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜਵਾਦੀ-ਬਸਪਾ ਗਠਜੋੜ ਨਾਲ ਸਿਰਫ਼ ਯੂਪੀ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਸੰਦੇਸ਼ ਗਿਆ ਹੈ।
ਹੁਣ ਯੂਪੀ ਅਤੇ ਬਿਹਾਰ ਦੀ ਜਨਤਾ ਤੈਅ ਕਰੇਗੀ ਕਿ ਕੇਂਦਰ ਵਿਚ ਅਗਲੀ ਸਰਕਾਰ ਕਿਸ ਦੀ ਬਣੇਗੀ। ਆਰਜੇਡੀ ਯੂਪੀ ਵਿਚ ਇਸ ਗਠਜੋੜ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਯੂਪੀ ਵਿਚ ਲੋਕ ਸਭਾ ਦੀਆਂ 80 ਸੀਟਾਂ ਜਦਕਿ ਬਿਹਾਰ ਵਿਚ 40 ਸੀਟਾਂ ਹਨ। ਝਾਰਖੰਡ ਦੀਆਂ 14 ਸੀਟਾਂ ਨੂੰ ਵੀ ਮਿਲਾ ਲਿਆ ਜਾਵੇ ਤਾਂ ਇਹ ਗਿਣਤੀ 134 ਹੋ ਜਾਂਦੀ ਹੈ। ਇਸ ਵਕਤ ਭਾਜਪਾ ਕੋਲ 115 ਸੀਟਾਂ ਹਨ। ਇਨ੍ਹਾਂ ਰਾਜਾਂ ਵਿਚ ਗਠਜੋੜ ਹੋਣ ਨਾਲ ਭਾਜਪਾ 100 ਸੀਟਾਂ ਹਾਰ ਜਾਵੇਗੀ। ਇਸ ਗਠਜੋੜ ਜ਼ਰੀਏ ਦੇਸ਼ ਨੂੰ ਆਰਐਸਐਸ ਦੇ ਚੁੰਗਲ ਵਿਚੋਂ ਬਚਾਇਆ ਜਾ ਸਕੇਗਾ।
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਤੋਂ ਖ਼ੁਸ਼ ਨਹੀਂ ਹੈ। ਭਾਜਪਾ ਨੇ ਬਿਹਾਰ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਲਈ ਵਿਸ਼ੇਸ਼ ਆਰਥਕ ਪੈਕੇਜ ਦਾ ਵਾਅਦਾ ਕੀਤਾ ਸੀ। ਅਖਿਲੇਸ਼ ਨੇ ਕਿਹਾ ਕਿ ਆਰਜੇਡੀ ਦਾ ਸਮਰਥਨ ਮਿਲਣ ਨਾਲ ਸਮਾਜਵਾਦੀ-ਬਸਪਾ ਗਠਜੋੜ ਹੋਰ ਮਜ਼ਬੂਤ ਹੋਵੇਗਾ। ਦਿੱਲੀ ਤੋਂ ਲੈ ਕੇ ਕੋਲਕਾਤਾ ਤਕ ਲੋਕ ਭਾਜਪਾ ਦਾ ਵਿਰੋਧ ਕਰ ਰਹੇ ਹਨ। (ਏਜੰਸੀ)