
ਸੁਪਰੀਮ ਕੋਰਟ ਦੇ ਫੈਸਲੋ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਪਹਿਲੀ ਬੈਠਕ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਮੁੱਦੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅੱਜ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਪਹਿਲੀ ਬੈਠਕ ਹੋਣ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੁੱਲ 8 ਬੈਠਕਾਂ ਹੋ ਚੁੱਕੀਆਂ ਹਨ ਪਰ ਇਹ ਸਾਰੀਆਂ ਬੈਠਕਾਂ ਬੇਸਿੱਟਾ ਰਹੀਆਂ। ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ਲਾਗੂ ਹੋਣ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਇਸ ਵਿਚਾਲੇ ਅੱਜ 12 ਵਜੇ ਵਿਗਿਆਨ ਭਵਨ ਵਿਖੇ 9ਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ।
Farmers to meet govt today
ਬੈਠਕ ਤੋਂ ਪਹਿਲਾਂ ਅੱਜ ਦੀ ਮੀਟਿੰਗ ਬਾਰੇ ਬੋਲਦਿਆਂ ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਪਿਛਲੀਆਂ ਮੀਟਿੰਗਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਮੀਟਿੰਗ ਤੋਂ ਵੀ ਕੋਈ ਖ਼ਾਸ ਉਮੀਦ ਨਹੀਂ। ਸਾਬਕਾ ਜੱਜ ਨੇ ਵੀ ਕਿਹਾ ਕਿ ਜੇਕਰ ਕਾਨੂੰਨ ਰੱਦ ਨਾ ਹੋਏ ਤਾਂ ਦੇਸ਼ ਦਾ ਵੱਡਾ ਨੁਕਸਾਨ ਹੋਵੇਗਾ। ਜੇ ਸਰਕਾਰ ਕਿਸਾਨਾਂ ਦੀ ਨਹੀਂ ਮੰਨ ਸਕਦੀ ਤਾਂ ਜਸਟਿਸ ਦੀ ਗੱਲ ਹੀ ਮੰਨ ਲਵੇ।
Supreme Court - Farmers
ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਸਰਕਾਰ ਨੇ ਬਣਾਏ ਹਨ ਤੇ ਸਰਕਾਰ ਹੀ ਇਹ ਕਾਨੂੰਨ ਰੱਦ ਕਰੇਗੀ ਤਾਂ ਚੰਗੀ ਗੱਲ ਹੈ। ਬੂਟਾ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਅਪਣਾ ਰੁਤਬਾ ਤੇ ਕੱਦ ਬਰਕਰਾਰ ਰੱਖਣਾ ਚਾਹੀਦਾ ਹੈ, ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ। ਇਸ ਦੌਰਾਨ ਇਕ ਆਗੂ ਨੇ ਕਿਹਾ ਕਿ ਅਸੀਂ ਹਮੇਸ਼ਾਂ ਆਸ ਨਾਲ ਚੱਲੇ ਹਾਂ ਤੇ ਇਸ ਵਾਰ ਵੀ ਆਸ ਬਰਕਰਾਰ ਹੈ। ਦੇਸ਼ ਦੇ ਲੋਕ ਦੇਸ਼ ਦੀ ਸਰਕਾਰ ਕੋਲੋਂ ਚੰਗੇ ਫੈਸਲੇ ਦੀ ਉਡੀਕ ਕਰ ਰਹੇ ਹਨ।
Farmer Leaders
ਉਹਨਾਂ ਕਿਹਾ ਕਿ ਭੁਪਿੰਦਰ ਮਾਨ ਦੇ ਕਮੇਟੀ ‘ਚੋਂ ਨਾਂਅ ਵਾਪਸ ਲੈਣ ਦੇ ਫੈਸਲੇ ਨੇ ਸੰਕੇਤ ਦਿੱਤਾ ਹੈ ਕਿ ਦੇਸ਼ ਵਿਚ ਕਾਨੂੰਨ ਵਿਵਸਥਾ ਕਿਹੋ ਜਿਹੀ ਹੈ। ਇਕ ਹੋਰ ਕਿਸਾਨ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਫੈਸਲੇ ਨੂੰ ਅਸੀਂ ਅਪਣੀ ਜਿੱਤ ਨਹੀਂ ਮੰਨ ਸਕਦੇ ਕਿਉਂਕਿ ਸਾਡੀ ਅਸਲ ਮੰਗ ਕਾਨੂੰਨ ਵਾਪਸ ਲੈਣ ਦੀ ਹੈ। ਪਰ ਸਾਨੂੰ ਸੁਪਰੀਮ ਕੋਰਟ ‘ਤੇ ਪੂਰਾ ਵਿਸ਼ਵਾਸ ਹੈ।
Farmer Leader
ਮੀਟਿੰਗ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਰਕਾਰ ਅਸਲ ਮੁੱਦਾ ਹਾਰ ਚੁੱਕੀ ਹੈ, ਇਸ ਲਈ ਉਸ ਨੇ ਸੁਪਰੀਮ ਕੋਰਟ ਜ਼ਰੀਏ ਕਿਸਾਨਾਂ ਦੀ ਬਾਂਹ ਮਰੋੜਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦਾ ਫੈਸਲਾ ਬਰਕਰਾਰ ਹੈ, ਉਹ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅੱਗੇ ਪੇਸ਼ ਨਹੀਂ ਹੋਣਗੇ।
Farmer Leader Harmeet Singh
26 ਜਨਵਰੀ ਦੀ ਰਣਨੀਤੀ ਬਾਰੇ ਗੱਲ ਕਰਦਿਆਂ ਹਰਮੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਰੋਡਮੈਪ ਕੱਲ ਹੋਣ ਵਾਲੀ ਮੀਟਿੰਗ ਵਿਚ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਅੰਦੋਲਨ ਸ਼ਾਂਤਮਈ ਚੱਲਦਾ ਆ ਰਿਹਾ ਹੈ ਤੇ ਅੱਗੇ ਵੀ ਸ਼ਾਂਤਮਈ ਰਹੇਗਾ। ਕਈ ਸ਼ਰਾਰਤੀ ਅਨਸਰ 26 ਜਨਵਰੀ ਦੀ ਪਰੇਡ ਸਬੰਧੀ ਗਲਤ ਖ਼ਬਰਾਂ ਵੀ ਫੈਲਾਅ ਰਹੇ ਹਨ।