
ਕੇਜਰੀਵਾਲ ਜੋੜੇ ਕੋਲ ਕੁਲ 4.23 ਕਰੋੜ ਰੁਪਏ ਦੀ ਜਾਇਦਾਦ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੁਧਵਾਰ ਨੂੰ ਨਵੀਂ ਦਿੱਲੀ ਸੀਟ ਤੋਂ ਅਪਣਾ ਨਾਮਜ਼ਦਗੀ ਚਿੱਠੀ ਦਾਖਲ ਕੀਤਾ ਅਤੇ ਕੁਲ 1.73 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ।
ਚੋਣ ਕਮਿਸ਼ਨ ਨੂੰ ਸੌਂਪੇ ਗਏ ਕੇਜਰੀਵਾਲ ਦੇ ਹਲਫਨਾਮੇ ਮੁਤਾਬਕ ਉਨ੍ਹਾਂ ਦੀ ਜਾਇਦਾਦ ’ਚ 2.96 ਲੱਖ ਰੁਪਏ ਦੀ ਬੈਂਕ ਬੱਚਤ ਅਤੇ 50,000 ਰੁਪਏ ਦੀ ਨਕਦੀ ਸ਼ਾਮਲ ਹੈ। ਉਨ੍ਹਾਂ ਦੀ ਅਚੱਲ ਜਾਇਦਾਦ 1.7 ਕਰੋੜ ਰੁਪਏ ਹੈ। ਹਲਫਨਾਮੇ ’ਚ ਇਹ ਵੀ ਪ੍ਰਗਟਾਵਾ ਹੋਇਆ ਹੈ ਕਿ ਕੇਜਰੀਵਾਲ ਕੋਲ ਕੋਈ ਮਕਾਨ ਜਾਂ ਕਾਰ ਨਹੀਂ ਹੈ। ਇਸ ਦੇ ਮੁਤਾਬਕ ਵਿੱਤੀ ਸਾਲ 2023-24 ’ਚ ਕੇਜਰੀਵਾਲ ਦੀ ਆਮਦਨ 7.21 ਲੱਖ ਰੁਪਏ ਸੀ।
ਹਲਫਨਾਮੇ ’ਚ ਕਿਹਾ ਗਿਆ ਹੈ ਕਿ ਕੇਜਰੀਵਾਲ ਦੀ ਪਤਨੀ ਸੁਨੀਤਾ ਕੋਲ ਕੁਲ 2.5 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ’ਚ ਇਕ ਕਰੋੜ ਰੁਪਏ ਤੋਂ ਵੱਧ ਦੀ ਚੱਲ ਜਾਇਦਾਦ ਅਤੇ 1.5 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਉਨ੍ਹਾਂ ਕੋਲ 25 ਲੱਖ ਰੁਪਏ ਦੀ ਕੀਮਤ ਦਾ 320 ਗ੍ਰਾਮ ਸੋਨਾ, 92,000 ਰੁਪਏ ਦੀ ਇਕ ਕਿਲੋ ਚਾਂਦੀ, ਗੁਰੂਗ੍ਰਾਮ ਵਿਚ ਇਕ ਘਰ ਅਤੇ ਪੰਜ ਸੀਟਾਂ ਵਾਲੀ ਇਕ ਛੋਟੀ ਕਾਰ ਹੈ। ਹਲਫਨਾਮੇ ਮੁਤਾਬਕ ਕੇਜਰੀਵਾਲ ਜੋੜੇ ਕੋਲ ਕੁਲ 4.23 ਕਰੋੜ ਰੁਪਏ ਦੀ ਜਾਇਦਾਦ ਹੈ।
ਕੇਜਰੀਵਾਲ ਨੇ 2020 ’ਚ ਦਾਇਰ ਅਪਣੇ ਚੋਣ ਹਲਫਨਾਮੇ ’ਚ ਕੁਲ 3.4 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਸਾਲ 2015 ਦੇ ਚੋਣ ਹਲਫਨਾਮੇ ’ਚ ਉਨ੍ਹਾਂ ਨੇ 2.1 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ।
‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੇ ਵੀ ਸ਼ਕੂਰ ਬਸਤੀ ਵਿਧਾਨ ਸਭਾ ਹਲਕੇ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜੈਨ ਦੇ ਹਲਫਨਾਮੇ ਮੁਤਾਬਕ ਉਨ੍ਹਾਂ ਦੀ ਕੁਲ ਜਾਇਦਾਦ 4.4 ਕਰੋੜ ਰੁਪਏ ਹੈ, ਜਿਸ ’ਚ 30.67 ਲੱਖ ਰੁਪਏ ਦੀ ਚੱਲ ਜਾਇਦਾਦ ਅਤੇ 4.12 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਦਿੱਲੀ ’ਚ 5 ਫ਼ਰਵਰੀ ਨੂੰ ਇਕ ਪੜਾਅ ’ਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 8 ਫ਼ਰਵਰੀ ਨੂੰ ਹੋਵੇਗੀ।