
ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਹੁਣ ਤੱਕ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਅਤੇ 5 ਤੋਂ ਵੱਧ ਜ਼ਖ਼ਮੀ...
ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਹੁਣ ਤੱਕ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਅਤੇ 5 ਤੋਂ ਵੱਧ ਜ਼ਖ਼ਮੀ ਹਨ। ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸੀਆਰਪੀਐਫ਼ ਦੇ ਕਾਫ਼ਲੇ ਵਿਚ 78 ਵਾਹਨਾਂ ’ਚ 2547 ਜਵਾਨ ਸਵਾਰ ਸਨ। ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਉਤੇ ਸਵਾ ਤਿੰਨ ਵਜੇ ਹਮਲਾਵਰਾਂ ਨੇ ਵਿਸਫੋਟਕ ਨਾਲ ਭਰੀ ਕਾਰ ਨੂੰ ਸੀਆਰਪੀਐਫ਼ ਕਾਫ਼ਲੇ ਦੀ ਬੱਸ ਵਿਚ ਟੱਕਰ ਮਾਰ ਦਿਤੀ। ਧਮਾਕਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ।
ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਤਿਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਵੀ ਕੀਤੀ। ਇਸ ਅਤਿਵਾਦੀ ਵਾਰਦਾਤ ਨਾਲ ਪੂਰੇ ਦੇਸ਼ ਵਿਚ ਗੁੱਸਾ ਹੈ। ਦੇਸ਼ ਵਾਸੀ ਸ਼ਹੀਦ ਸੈਨਿਕਾਂ ਦੇ ਪ੍ਰਤੀ ਅਪਣੀ ਸੰਵੇਦਨਾਵਾਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵਿਅਕਤ ਕਰ ਰਹੇ ਹਨ ਪਰ ਦੁਖ਼ਦ ਗੱਲ ਇਹ ਹੈ ਕਿ ਇਨ੍ਹਾਂ ਸੈਨਿਕਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਜਾਵੇਗਾ। ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਇਹ ਵੀ ਦਾਅਵਾ ਕੀਤਾ ਕਿ ਇਸ ਨੂੰ ਆਦਿਲ ਅਹਿਮਦ ਡਾਰ ਉਰਫ਼ ਵਕਾਸ ਕਮਾਂਡੋ ਨੇ ਅੰਜਾਮ ਦਿਤਾ।
ਉਹ ਪੁਲਵਾਮਾ ਦੇ ਗੁੰਡੀ ਬਾਗ ਤੋਂ ਅਤਿਵਾਦੀ ਨੈੱਟਵਰਕ ਚਲਾਉਂਦਾ ਸੀ। ਪੁਲਵਾਮਾ ਦੇ ਕਾਕਾਪੋਰ ਦਾ ਰਹਿਣ ਵਾਲਾ ਡਾਰ 2018 ਵਿਚ ਜੈਸ਼ ਵਿਚ ਸ਼ਾਮਿਲ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਂਸੀ ਵਿਚ ਵਿਕਾਸ ਯੋਜਨਾਵਾਂ ਦੇ ਉਦਘਾਟਨ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਦੇਸ਼ ਬਹੁਤ ਦੁਖੀ ਹੈ। ਪੁਲਵਾਮਾ ਵਿਚ ਹੋਏ ਹਮਲੇ ਕਾਰਨ ਹਰ ਭਾਰਤੀ ਵਿਚ ਗੁੱਸਾ ਹੈ। ਜਵਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਸੁਰੱਖਿਆ ਬਲਾਂ ਦੇ ਜਵਾਨਾਂ ਦੇ ਸ਼ਹੀਦ ਹੋਣ ਉਤੇ ਰਾਜਨੀਤਿਕ ਦਲ ਸਿਆਸੀ ਬਿਆਨਬਾਜ਼ੀ ਕਰਦੇ ਰਹੇ ਹਨ
ਪਰ ਮ੍ਰਿਤਕ ਜਵਾਨਾਂ ਦੇ ਫ਼ਾਇਦੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਹਮਲੇ ਵਿਚ ਸੀਆਰਪੀਐਫ਼ ਦੇ ਜਿਨ੍ਹਾਂ ਜਵਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿਤਾ ਜਾਵੇਗਾ। ਭਲੇ ਹੀ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਖ਼ਜ਼ਾਨਾ-ਮੰਤਰੀ ਸਮੇਤ ਤਮਾਮ ਨੇਤਾਵਾਂ ਨੇ ਅਪਣੇ ਸ਼ਬਦਾਂ ਵਿਚ ਇਨ੍ਹਾਂ ਜਵਾਨਾਂ ਨੂੰ ਸ਼ਹੀਦ ਕਿਹਾ ਹੈ ਪਰ ਸਰਕਾਰੀ ਰਿਕਾਰਡ ਵਿਚ ਨਾ ਤਾਂ ਇਨ੍ਹਾਂ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ ਅਤੇ ਨਾ ਹੀ ਇਨ੍ਹਾਂ ਦੇ ਪਰਵਾਰ ਵਾਲਿਆਂ ਲਈ ਪੈਨਸ਼ਨ ਦੀ ਵਿਵਸਥਾ ਫ਼ੌਜ ਵਰਗੀ ਹੈ।