
ਕਿਹਾ, ਹੁਣ ਕਿੱਥੇ ਗਏ ਸੜਕ 'ਤੇ ਸਿਲੰਡਰ ਰੱਖ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂ?
ਨਵੀਂ ਦਿੱਲੀ: ਦੇਸ਼ ਅੰਦਰ ਵੱਧ ਰਹੀ ਮਹਿੰਗਾਈ ਤੋਂ ਜਿੱਥੇ ਆਮ ਲੋਕ ਦੁਖੀ ਹਨ, ਉੱਥੇ ਹੀ ਹੁਣ ਸਿਆਸੀ ਧਿਰਾਂ ਨੇ ਵੀ ਸਰਕਾਰ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰ ਕੇ ਕਾਂਗਰਸ ਵਲੋਂ ਸੱਤਾਧਾਰੀ ਧਿਰ ਨੂੰ ਉਸੇ ਦੀ ਭਾਸ਼ਾ ਵਿਚ ਘੇਰ ਕੇ ਪੁਰਾਣਾ ਹਿਸਾਬ ਕਲੀਅਰ ਕੀਤਾ ਜਾ ਰਿਹਾ ਹੈ। ਕਾਂਗਰਸੀ ਆਗੂ ਪ੍ਰਿਆ ਸ਼੍ਰੀਨੇਤ ਨੇ ਸਰਕਾਰ 'ਤੇ ਬਦਮਾਸ਼ੀ, ਮੁਨਾਫਾਖੋਰੀ ਕਰਨ ਤੇ ਆਮ ਲੋਕਾਂ ਦੀ ਚਿੰਤਾ ਨਾ ਕਰਨ ਦਾ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਯੂਪੀਏ ਸਰਕਾਰ ਦੌਰਾਨ ਸਿਲੰਡਰ ਸੜਕ 'ਤੇ ਰੱਖ ਕੇ ਬੈਠਣ ਵਾਲੀਆਂ ਭਾਜਪਾ ਦੀਆਂ ਮਹਿਲਾ ਆਗੂ ਹੁਣ ਚੁੱਪ ਕਿਉਂ ਹਨ?
Oil-Gas-Fuel Prices
ਕਾਂਗਰਸੀ ਲੀਡਰ ਨੇ ਕਿਹਾ, “ਪਿਛਲੇ 10 ਦਿਨਾਂ ਦੌਰਾਨ ਸਰਕਾਰ ਨੇ ਰਸੋਈ ਗੈਸ ਵਿਚ 75 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਹੈ। ਸਰਕਾਰ ਨੇ 4 ਫਰਵਰੀ ਨੂੰ 25 ਰੁਪਏ ਕੀਮਤ ਵਧਾਈ ਅਤੇ ਹੁਣ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਦੋ ਮਹੀਨਿਆਂ 'ਚ ਹੀ ਸਿਲੰਡਰ ਦੀ ਕੀਮਤ ਵਿਚ 175 ਰੁਪਏ ਦਾ ਵਾਧਾ ਕੀਤਾ ਗਿਆ ਹੈ। ਅੱਜ ਇਕ ਸਿਲੰਡਰ ਦਿੱਲੀ 'ਚ 769 ਰੁਪਏ 'ਚ ਵਿੱਕ ਰਿਹਾ ਹੈ।”
Oil-Gas-Fuel Prices
ਉਨ੍ਹਾਂ ਦਾਅਵਾ ਕੀਤਾ, “ਯੂਪੀਏ ਸਰਕਾਰ ਦੌਰਾਨ ਇਕ ਸਿਲੰਡਰ ਦੀ ਕੀਮਤ ਤਕਰੀਬਨ 400 ਰੁਪਏ ਸੀ। ਉਸ ਸਮੇਂ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਵੀ ਵੱਧ ਸੀ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਿਆ ਗਿਆ ਸੀ। ਹੁਣ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਦੇਸ਼ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਈ।”
Oil-Gas-Fuel Prices
ਸਰਕਾਰ 'ਤੇ ਤੇਲ ਕੀਮਤਾਂ ਵਧਾ ਕੇ ਜਨਤਾ ਨੂੰ ਲੁੱਟਣ ਦਾ ਦੋਸ਼ ਲਾਉਂਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਕਰੋਨਾ ਕਾਲ ਦੀ ਝੰਭੀ ਲੋਕਾਈ ਨੂੰ ਸਰਕਾਰ ਨੇ ਤੇਲ ਕੀਮਤਾਂ ਵਿਚ ਵਾਧਾ ਕਰ ਕੇ ਹੋਰ ਪ੍ਰੇਸ਼ਾਨ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕੌਮਾਤਰੀ ਗਿਰਾਵਟ ਦਾ ਫਾਇਦਾ ਆਮ ਜਨਤਾ ਨੂੰ ਦੇਣ ਦੀ ਥਾਂ ਆਪਣੀਆਂ ਤਿਜੌਰੀਆਂ ਭਰੀਆਂ ਜਾ ਰਹੀਆਂ ਹਨ। ਸਰਕਾਰ ਨੇ ਡੀਜ਼ਲ 'ਤੇ ਅੱਠ ਗੁਣਾਂ ਅਤੇ ਪੈਟਰੋਲ 'ਤੇ ਢਾਈ ਗੁਣਾਂ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਜਿਸ ਦਾ ਸਿੱਧਾ ਬੋਝ ਜਨਤਾ 'ਤੇ ਤੇਲ ਕੀਮਤਾਂ ਵਿਚ ਅਥਾਹ ਵਾਧੇ ਦੇ ਰੂਪ ਵਿਚ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਰਪਾ ਹੈ ਕਿ ਦੇਸ਼ ਨੇ ਪੈਟਰੋਲ ਦੀ ਕੀਮਤ ਦੇ ਮੱਦੇਨਜ਼ਰ ਸੈਂਕੜਾ ਜੜਿਆ ਹੈ ਅਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੰਝ ਜਾਪਦਾ ਹੈ ਕਿ ਸਰਕਾਰ ਨੂੰ ਆਮ ਆਦਮੀ ਦਾ ਕੋਈ ਫਿਕਰ ਨਹੀਂ ਹੈ।" ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਦਾ ਕੰਮ 'ਮੁਨਾਫਾਖੋਰੀ' ਕਰਨਾ ਹੈ?
Oil-Gas-Fuel Prices
ਕਾਬਲੇਗੌਰ ਹੈ ਕਿ ਯੂਪੀਏ ਸਰਕਾਰ ਸਮੇਂ ਭਾਜਪਾ ਦੇ ਕਈ ਸੀਨੀਅਰ ਮਹਿਲਾ ਆਗੂ ਗੈਸ ਕੀਮਤਾਂ ਵਿਚ ਵਾਧੇ ਖਿਲਾਫ ਸੜਕਾਂ 'ਤੇ ਸਿਲੰਡਰ ਰੱਖ ਕੇ ਪ੍ਰਦਰਸ਼ਨ ਕਰਦੇ ਰਹੇ ਹਨ। ਉਸ ਵਕਤ ਭਾਜਪਾ ਨੇ ਮਹਿੰਗਾਈ ਨੂੰ ਲੈ ਕੇ ਦੇਸ਼ ਵਿਆਪੀ ਮੁਹਿੰਮ ਵਿੱਢੀ ਸੀ। ਭ੍ਰਿਸ਼ਟਾਚਾਰ, ਕਾਲਾ ਧੰਨ ਅਤੇ ਮਹਿੰਗਾਈ ਨੂੰ ਲੈ ਕੇ ਭਾਜਪਾ ਵਲੋਂ ਵਿੱਢੀ ਮੁਹਿੰਮ ਦੀ ਬਦੌਲਤ ਕਾਂਗਰਸ ਨੂੰ ਵੱਡਾ ਸਿਆਸੀ ਨੁਕਸਾਨ ਸਹਿਣਾ ਪਿਆ ਸੀ, ਜਿਸ ਵਿਚੋਂ ਉਭਰਨ ਲਈ ਕਾਂਗਰਸ ਨੂੰ ਅੱਜ ਤਕ ਪਸੀਨਾ ਵਹਾਉਣਾ ਪੈ ਰਿਹਾ ਹੈ। ਜਦਕਿ ਯੂਪੀਏ ਸਰਕਾਰ ਵੇਲੇ ਮਹਿੰਗਾਈ ਅੱਜ ਦੇ ਮੁਕਾਬਲੇ ਕਾਫੀ ਘੱਟ ਸੀ। ਇਹੀ ਕਾਰਨ ਹੈ ਕਿ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ 'ਤੇ ਘੇਰਨ ਲਈ ਕਾਂਗਰਸ ਵਲੋਂ ਯੂਪੀਏ ਅਤੇ ਐਨਡੀਏ ਸਰਕਾਰ ਦੇ ਸਮੇਂ ਦੌਰਾਨ ਮਹਿੰਗਾਈ ਦੇ ਅੰਕੜੇ ਸਾਹਮਣੇ ਰੱਖ ਕੇ ਭਾਜਪਾ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।