
ਅਦਾਲਤ ਨੇ ਪੁਲਿਸ ਦੀ ਅਰਜ਼ੀ 'ਤੇ ਕਾਰਵਾਈ ਕਰਦੇ ਹੋਏ ਦਿੱਤਾ 5 ਦਿਨਾਂ ਦਾ ਰਿਮਾਂਡ
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਆਪਣੀ ਲਿਵ-ਇਨ ਪਾਰਟਨਰ ਲੜਕੀ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਪੰਜ ਦਿਨਾਂ ਤੱਕ ਦੱਖਣੀ ਦਿੱਲੀ ਵਿੱਚ ਇੱਕ ਫ਼ਰਿੱਜ ਵਿੱਚ ਰੱਖਣ ਦੇ ਦੋਸ਼ੀ ਨੂੰ ਪੁੱਛਗਿੱਛ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੱਖਣ-ਪੱਛਮੀ ਦਿੱਲੀ ਦੇ ਪਿੰਡ ਮਿਤਰਾਂਵ ਦੇ ਵਾਸੀ ਸਾਹਿਲ ਗਹਿਲੋਤ ਨੇ ਆਪਣੀ ਮਹਿਲਾ ਦੋਸਤ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਆਪਣੇ ਢਾਬੇ ਦੇ ਫ਼ਰਿੱਜ ਵਿੱਚ ਰੱਖ ਕੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਨ ਲਈ ਚਲਾ ਗਿਆ।
ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਅਰਚਨਾ ਬੈਨੀਵਾਲ ਨੇ ਪੁੱਛਗਿੱਛ ਲਈ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਹਿਰਾਸਤ ਵਿੱਚ ਭੇਜ ਦਿੱਤਾ, ਤਾਂ ਕਿ ਕਤਲ ਅਤੇ ਕਥਿਤ ਅਪਰਾਧ ਤੋਂ ਬਾਅਦ ਉਸ ਦੀਆਂ ਕਾਰਵਾਈਆਂ ਦਾ ਪਤਾ ਲਗਾਇਆ ਜਾ ਸਕੇ।
ਅਦਾਲਤ ਨੇ ਇਹ ਹੁਕਮ ਪੁਲਿਸ ਦੀ ਅਰਜ਼ੀ ’ਤੇ ਦਿੱਤੇ ਹਨ। ਆਪਣੀ ਰਿਮਾਂਡ ਅਰਜ਼ੀ ਵਿੱਚ, ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਉਨ੍ਹਾਂ ਥਾਵਾਂ 'ਤੇ ਲਿਜਾਣਾ ਚਾਹੀਦਾ ਹੈ ਜਿੱਥੇ ਉਹ ਪੀੜਤ ਨਾਲ ਗਿਆ ਸੀ। ਇਸ ਨੇ ਕਿਹਾ ਕਿ ਜਾਂਚਕਰਤਾਵਾਂ ਦੀ ਮਨਸ਼ਾ ਅਪਰਾਧ ਨਾਲ ਸੰਬੰਧਿਤ ਸਥਾਨਾਂ 'ਤੇ ਤਲਾਸ਼ੀ ਲੈ ਕੇ ਸਬੂਤ ਇਕੱਠੇ ਕਰਨ ਦੀ ਹੈ।
ਇਹ ਘਟਨਾ 14 ਫਰਵਰੀ ਨੂੰ ਉਸ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ 23 ਸਾਲਾ ਲੜਕੀ ਦੀ ਲਾਸ਼ ਬਰਾਮਦ ਕੀਤੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਮਹਿਲਾ ਦੋਸਤ ਨਿੱਕੀ ਯਾਦਵ ਤੋਂ ਇਹ ਗੱਲ ਛੁਪਾਈ ਸੀ ਕਿ ਉਹ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਜਦੋਂ ਨਿੱਕੀ ਨੂੰ ਵਿਆਹ ਬਾਰੇ ਪਤਾ ਲੱਗਾ ਤਾਂ ਦੋਸ਼ੀ ਨਾਲ ਉਸ ਦੀ ਤਕਰਾਰ ਹੋ ਗਈ, ਜਿਸ ਦੇ ਨਤੀਜੇ ਵਜੋਂ ਨਿੱਕੀ ਦਾ ਕਤਲ ਹੋਇਆ।
ਇੱਕ ਸੂਤਰ ਨੇ ਕਿਹਾ, ''ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਾਹਿਲ ਨੇ ਕਿਸੇ ਹੋਰ ਔਰਤ ਨਾਲ ਵਿਆਹ ਕੀਤਾ ਤਾਂ ਉਹ ਉਸ ਨੂੰ ਇੱਕ ਮਾਮਲੇ 'ਚ ਫ਼ਸਾ ਦੇਵੇਗੀ।''
ਪੁਲਿਸ ਨੇ ਦੱਸਿਆ ਕਿ ਦੋਵੇਂ ਪਿਛਲੇ ਕਈ ਸਾਲਾਂ ਤੋਂ ਰਿਸ਼ਤੇ 'ਚ ਸਨ ਅਤੇ ਨਿੱਕੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ।