ਪਹਿਲੇ ਦਾ ਕਤਲ ਕੀਤਾ ਗਿਆ ਤੇਜ਼ਧਾਰ ਹਥਿਆਰਾਂ ਨਾਲ, ਦੂਜੇ ਨੂੰ ਘਰ 'ਚ ਮਾਰੀ ਗੋਲ਼ੀ
ਦੁਰਗ - ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿੱਚ ਭਾਜਪਾ ਦੇ ਉਪ-ਪ੍ਰਧਾਨ ਦੀ ਸ਼ੁੱਕਰਵਾਰ ਰਾਤ ਨੂੰ ਕਥਿਤ ਤੌਰ 'ਤੇ ਮਾਓਵਾਦੀਆਂ ਨੇ ਉਸ ਦਾ ਘਰ ਵਿੱਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਸੂਬੇ ਵਿੱਚ ਇੱਕ ਹਫ਼ਤੇ ਦੌਰਾਨ ਇਹ ਭਾਜਪਾ ਆਗੂ ਦਾ ਦੂਜਾ ਕਤਲ ਹੈ।
ਪੁਲਿਸ ਅਨੁਸਾਰ ਸਾਗਰ ਸਾਹੂ (47) ਦੀ ਰਾਤ ਕਰੀਬ 10 ਵਜੇ ਚੋਟੇਡੋਂਗਰ ਇਲਾਕੇ ਵਿੱਚ ਉਸ ਦੀ ਰਿਹਾਇਸ਼ 'ਤੇ ਹੱਤਿਆ ਕਰ ਦਿੱਤੀ ਗਈ, ਜੋ ਕਿ ਚੋਟੇਡੋਂਗਰ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਦੋ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਸਾਹੂ ਦਾ ਦਰਵਾਜ਼ਾ ਖੜਕਾਇਆ। ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ, ਹਮਲਾਵਰਾਂ ਨੇ ਉਸ ਨੂੰ ਗੋਲ਼ੀ ਮਾਰੀ ਤੇ ਮੌਕੇ ਤੋਂ ਤੁਰੰਤ ਫ਼ਰਾਰ ਹੋ ਗਏ। ਸਾਹੂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਨਰਾਇਣਪੁਰ ਜ਼ਿਲ੍ਹਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਨਾਰਾਇਣਪੁਰ ਦੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ, "ਸ਼ਨੀਵਾਰ ਸਵੇਰੇ, ਨਾਰਾਇਣਪੁਰ ਜ਼ਿਲ੍ਹਾ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਗਿਆ ਸੀ। ਪਹਿਲੀ ਨਜ਼ਰੇ, ਇਹ ਨਕਸਲੀਆਂ ਦੁਆਰਾ ਕੀਤਾ ਗਿਆ ਹਮਲਾ ਜਾਪਦਾ ਹੈ। ਅੱਗੇ ਦੀ ਜਾਂਚ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।"
5 ਫਰਵਰੀ ਨੂੰ ਨੀਲਕੰਠ ਕਾਕੇਮ (48), ਜੋ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਦੇ ਅਵਾਪੱਲੀ ਖੇਤਰ ਦਾ ਭਾਜਪਾ ਮੰਡਲ ਮੁਖੀ ਸੀ, ਉਸ ਨੂੰ ਵੀ ਤਿੰਨ ਮਾਓਵਾਦੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਸੀ।