
ਗਰਮ ਪਾਣੀ ਦੇ ਟੱਬ ਵਿੱਚ ਡਿੱਗਣ ਕਾਰਨ ਹੋਈ ਸੀ ਮੌਤ
ਗੋਆ - ਗੋਆ ਰਾਜ ਦਿਵਿਆਂਗ ਕਮਿਸ਼ਨ ਨੇ ਬੁਧਵਾਰ ਨੂੰ ਇੱਕ ਸੱਤ ਸਾਲ ਦੀ ਦਿਮਾਗੀ ਤੌਰ 'ਤੇ ਅਸਮਰੱਥ ਬੱਚੀ ਦੀ ਸੜਨ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਵੱਖ-ਵੱਖ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ।
ਪੁਰਾਣੇ ਗੋਆ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੇ ਦਿਵਿਆਂਗ ਬੱਚਿਆਂ ਦੇ ਕੇਂਦਰ 'ਚ ਰਹਿਣ ਵਾਲੀ ਲੜਕੀ ਦੀ ਸੋਮਵਾਰ ਨੂੰ ਨਹਾਉਣ ਵਾਲੇ ਗਰਮ ਪਾਣੀ ਦੇ ਟੱਬ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ।
79 ਫ਼ੀਸਦੀ ਸੜ ਜਾਣ ਕਾਰਨ ਉਸ ਨੂੰ ਇੱਕ ਨਿੱਜੀ ਹਸਪਤਾਲ, ਅਤੇ ਫ਼ਿਰ ਸਰਕਾਰੀ ਗੋਆ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕਮਿਸ਼ਨ ਨੇ ਬੁੱਧਵਾਰ ਨੂੰ ਇਸ ਘਟਨਾ ਦਾ ਖ਼ੁਦ ਨੋਟਿਸ ਲਿਆ ਅਤੇ ਸੇਂਟ ਜ਼ੇਵੀਅਰਜ਼ ਟ੍ਰੇਨਿੰਗ ਸੈਂਟਰ ਫ਼ਾਰ ਚਿਲਡਰਨ ਵਿਦ ਡਿਸਏਬਿਲਿਟੀਜ਼ ਨੂੰ ਨੋਟਿਸ ਜਾਰੀ ਕੀਤਾ, ਜਿੱਥੇ ਇਹ ਘਟਨਾ ਵਾਪਰੀ ਸੀ।
ਇਸ ਤੋਂ ਇਲਾਵਾ ਕਮਿਸ਼ਨ ਨੇ ਉੱਤਰੀ ਗੋਆ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਅਤੇ ਓਲਡ ਗੋਆ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਤੋਂ ਵੀ ਜਵਾਬ ਮੰਗਿਆ ਹੈ।
ਕਮਿਸ਼ਨ ਨੇ ਉਨ੍ਹਾਂ ਨੂੰ 21 ਫਰਵਰੀ ਤੱਕ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਇਸ ਸੰਬੰਧ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਓਲਡ ਗੋਆ ਪੁਲਿਸ ਨੇ ਮਾਮਲੇ ਸੰਬੰਧੀ ਪਹਿਲਾਂ ਹੀ ਐਫ਼.ਆਈ.ਆਰ. ਦਰਜ ਕਰ ਲਈ ਹੈ ਅਤੇ ਜਾਂਚ ਜਾਰੀ ਹੈ।