
ਸੱਤਾ ਵਿਚ ਆਏ ਤਾਂ ਸਿਹਤ ਸੇਵਾ ਕਾਨੂੰਨ ਬਣਾਵਾਂਗੇ
ਬਾਰਗੜ੍ਹ (ਉੜੀਸਾ)/ਰਾਏਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਦੇਸ਼ ਵਿਚ ਕਿਸਾਨ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ ਕਿਉਂਕਿ ਮੋਦੀ ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੇ ਅਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਹੈ।
ਗਾਂਧੀ ਨੇ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, 'ਕਿਸਾਨਾਂ ਦੇ ਭਲੇ ਲਈ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਨਾ ਤਾਂ ਉਨ੍ਹਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਅਤੇ ਨਾ ਹੀ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਵਾਧਾ ਕੀਤਾ ਗਿਆ। ਬਾਰਗੜ੍ਹ ਨੂੰ ਚੌਲਾਂ ਦਾ ਕਟੋਰਾ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਕਿਉਂਕਿ ਭਾਜਪਾ ਸਰਕਾਰ ਅਤੇ ਸੂਬੇ ਦੀ ਬੀਜੇਡੀ ਸਰਕਾਰ ਕਿਸਾਨਾਂ ਦੇ ਦੁੱਖ ਦੂਰ ਕਰਨ ਵਿਚ ਨਾਕਾਮ ਰਹੀਆਂ ਹਨ।
Rahul Gandhi
ਇਸੇ ਦੌਰਾਨ ਰਾਏਪੁਰ ਵਿਚ ਰਾਹੁਲ ਨੇ ਕਿਹਾ ਕਿ ਕਾਂਗਰਸ ਅਪਣੇ ਚੋਣ ਮਨੋਰਥ ਪੱਤਰ ਵਿਚ ਸਿਹਤ ਸੇਵਾ ਕਾਨੂੰਨ ਦੇ ਵਾਅਦੇ ਨੂੰ ਸ਼ਾਮਲ ਕਰ ਸਕਦੀ ਹੈ ਤਾਕਿ ਸਾਰਿਆਂ ਲਈ ਘੱਟੋ ਘੱਟ ਸਿਹਤ ਸੇਵਾ ਯਕੀਨੀ ਕੀਤੀ ਜਾ ਸਕੇ। ਉਹ ਇਥੇ ਕਿਸੇ ਸਮਾਗਮ ਵਿਚ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, 'ਅਸੀਂ ਤਿੰਨ ਚੀਜ਼ਾਂ 'ਤੇ ਵਿਚਾਰ ਕਰ ਰਹੇ ਹਾਂ-ਅਸੀਂ ਸਾਰੇ ਭਾਰਤੀਆਂ ਲਈ ਘੱਟੋ ਘੱਟ ਸਿਹਤ ਸੇਵਾ ਯਕੀਨੀ ਕਰਨ ਲਈ ਸਿਹਤ ਸੇਵਾ ਅਧਿਕਾਰ ਕਾਨੂੰਨ ਲਿਆਵਾਂਗੇ, ਸਿਹਤ ਸੇਵਾ ਖੇਤਰ ਲਈ ਬਜਟ ਵਿਚ ਵਾਧਾ ਅਤੇ ਡਾਕਟਰਾਂ ਤੇ ਸਿਹਤ ਸੇਵਾ ਪੇਸ਼ੇਵਰਾਂ ਦੀ ਗਿਣਤੀ ਵਿਚ ਵਾਧਾ।'
ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਚੋਣਾਂ ਮਗਰੋਂ ਸੱਤਾ ਵਿਚ ਆਉਂਦੀ ਹੈ ਤਾਂ ਸਰਕਾਰ ਦਾ ਧਿਆਨ ਸਿਹਤ ਸੇਵਾ ਅਤੇ ਸਿਖਿਆ ਦਾ ਬਜਟ ਵਧਾਉਣ 'ਤੇ ਕੇਂਦਰਤ ਹੋਵੇਗਾ। ਉਨ੍ਹਾਂ ਕਿਹਾ, 'ਭਾਰਤ ਪੇਂਡੂ ਵਿਵਸਥਾ ਤੋਂ ਸ਼ਹਿਰੀ ਵਿਵਸਥਾ ਵਿਚ ਤਬਦੀਲ ਹੋ ਰਿਹਾ ਹੈ, ਵੱਡੇ ਪੱਧਰ 'ਤੇ ਤਬਦੀਲੀ ਹੋ ਰਹੀ ਹੈ ਅਤੇ ਇਹ ਦੁਖਦਾਈ ਗੱਲ ਹੈ। 21 ਸਦੀ ਵਿਚ ਕਿਸੇ ਵੀ ਸਰਕਾਰ ਨੂੰ ਉਕਤ ਤਿੰਨ ਚੀਜ਼ਾਂ 'ਤੇ ਕੰਮ ਕਰਨਾ ਪਵੇਗਾ। (ਏਜੰਸੀ)