
ਉਹਨਾਂ ਕਿਹਾ, “9 ਮਾਰਚ ਨੂੰ ਅਣਜਾਣੇ ਵਿਚ ਮਿਜ਼ਾਈਲ ਰਿਲੀਜ਼ ਹੋਣ ਦੀ ਘਟਨਾ ਲਈ ਸਾਨੂੰ ਅਫਸੋਸ ਹੈ”।
ਨਵੀਂ ਦਿੱਲੀ: ਭਾਰਤ ਵਲੋਂ ਅਣਜਾਣੇ 'ਚ ਇਕ ਮਿਜ਼ਾਈਲ ਚੱਲਣ ਦੀ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਸੰਸਦ ਵਿਚ ਕਿਹਾ ਕਿ ਸਰਕਾਰ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ 'ਤੇ ਪਹਿਲਾਂ ਰਾਜ ਸਭਾ ਅਤੇ ਬਾਅਦ 'ਚ ਲੋਕ ਸਭਾ 'ਚ ਦਿੱਤੇ ਬਿਆਨ 'ਚ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਅਤੇ ਭਰੋਸੇਮੰਦ ਹੈ ਅਤੇ ਦੇਸ਼ ਦੀ ਰੱਖਿਆ ਸਥਾਪਨਾ ਸੁਰੱਖਿਅਤ ਪ੍ਰਕਿਰਿਆਵਾਂ ਅਤੇ ਮਾਪਦੰਡਾਂ ਨੂੰ ਪ੍ਰਮੁੱਖ ਤਰਜੀਹ ਦਿੰਦੀ ਹੈ।
ਉਹਨਾਂ ਕਿਹਾ, “9 ਮਾਰਚ ਨੂੰ ਅਣਜਾਣੇ ਵਿਚ ਮਿਜ਼ਾਈਲ ਰਿਲੀਜ਼ ਹੋਣ ਦੀ ਘਟਨਾ ਲਈ ਸਾਨੂੰ ਅਫਸੋਸ ਹੈ”। ਰੱਖਿਆ ਮੰਤਰੀ ਨੇ ਕਿਹਾ ਕਿ ਮਿਜ਼ਾਈਲ ਯੂਨਿਟ ਦੇ ਨਿਯਮਤ ਰੱਖ-ਰਖਾਅ ਅਤੇ ਨਿਰੀਖਣ ਦੌਰਾਨ ਇਕ ਮਿਜ਼ਾਈਲ ਗਲਤੀ ਨਾਲ ਛੁੱਟ ਗਈ ਸੀ। ਉਹਨਾਂ ਕਿਹਾ ਕਿ ਬਾਅਦ ਵਿਚ ਪਤਾ ਲੱਗਾ ਕਿ ਮਿਜ਼ਾਈਲ ਪਾਕਿਸਤਾਨੀ ਖੇਤਰ ਵਿਚ ਜਾ ਡਿੱਗੀ ਅਤੇ ਇਹ ਘਟਨਾ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਕੋਈ ਨੁਕਸਾਨ ਨਹੀਂ ਹੋਇਆ।
ਰਾਜਨਾਥ ਸਿੰਘ ਨੇ ਕਿਹਾ, “ਮੈਂ ਸਦਨ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਰਸਮੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਾਂਚ ਤੋਂ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲੱਗੇਗਾ।" ਉਹਨਾਂ ਕਿਹਾ ਕਿ ਭਾਰਤ ਆਪਣੀ ਹਥਿਆਰ ਪ੍ਰਣਾਲੀ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ। ਉਹਨਾਂ ਕਿਹਾ ਕਿ ਉਹ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਭਾਰਤ ਦੀ ਮਿਜ਼ਾਈਲ ਪ੍ਰਣਾਲੀ ਬੇਹੱਦ ਸੁਰੱਖਿਅਤ ਅਤੇ ਭਰੋਸੇਮੰਦ ਹੈ ਅਤੇ ਇਸ ਦੀਆਂ ਹਥਿਆਰਬੰਦ ਸੈਨਾਵਾਂ ਸ਼ਾਨਦਾਰ ਅਤੇ ਪੂਰੀ ਤਰ੍ਹਾਂ ਸਿੱਖਿਅਤ ਅਤੇ ਅਨੁਸ਼ਾਸਿਤ ਹਨ।
ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਮਿਜ਼ਾਈਲ ਲਾਂਚ ਦੀ ਘਟਨਾ ਦੀ ਜਾਂਚ ਤੋਂ ਬਾਅਦ ਜੇਕਰ ਕਿਸੇ ਵੀ ਤਰ੍ਹਾਂ ਦੀ ਗਲਤੀ ਪਾਈ ਜਾਂਦੀ ਹੈ, ਤਾਂ ਉਸ ਨੂੰ ਸੁਧਾਰਨ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋ ਦਿਨ ਪਹਿਲਾਂ ਪਾਕਿਸਤਾਨ 'ਚ ਡਿੱਗੀ ਮਿਜ਼ਾਈਲ ਤਕਨੀਕੀ ਖਰਾਬੀ ਕਾਰਨ ਰੂਟੀਨ ਮੇਨਟੇਨੈਂਸ ਦੌਰਾਨ ਗਲਤੀ ਨਾਲ ਜਾ ਚੱਲ ਗਈ ਸੀ। ਇਕ ਦਿਨ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਇਕ ਤੇਜ਼ ਰਫ਼ਤਾਰ ਵਸਤੂ ਪਾਕਿਸਤਾਨੀ ਹਵਾਈ ਖੇਤਰ ਵਿਚ ਦਾਖਲ ਹੋਈ ਅਤੇ ਖਾਨੇਵਾਲ ਜ਼ਿਲ੍ਹੇ ਵਿਚ ਮੀਆਂ ਚੰਨੂ ਖੇਤਰ ਦੇ ਕੋਲ ਡਿੱਗ ਗਈ। ਰੱਖਿਆ ਮੰਤਰਾਲੇ ਨੇ ਵੀ ਘਟਨਾ ਦੀ ਜਾਂਚ ਲਈ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦਿੱਤੇ ਹਨ।