
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਹੈ ਕਿ ਜੇ ਲੋਕ ਇਸੇ ਤਰ੍ਹਾਂ ਜ਼ਾਬਤੇ ਵਿਚ ਰਹਿ ਕੇ, ਤਾਲਾਬੰਦੀ ਦੀ ਪਾਲਣਾ ਕਰਦੇ ਰਹਿਣਗੇ, ਤਾਂ
ਨਵੀਂ ਦਿੱਲੀ, 14 ਅਪ੍ਰੈਲ (ਅਮਨਦੀਪ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਹੈ ਕਿ ਜੇ ਲੋਕ ਇਸੇ ਤਰ੍ਹਾਂ ਜ਼ਾਬਤੇ ਵਿਚ ਰਹਿ ਕੇ, ਤਾਲਾਬੰਦੀ ਦੀ ਪਾਲਣਾ ਕਰਦੇ ਰਹਿਣਗੇ, ਤਾਂ ਦੇਸ਼ ਕਰੋਨਾ ਬੀਮਾਰੀ ਨੂੰ ਜ਼ਰੂਰ ਹਰਾ ਦੇਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਪੱਧਰੀ ਤਾਲਾਬੰਦੀ ਨੂੰ 3 ਮਈ ਤੱਕ ਵਧਾਉਣ ਨੂੰ ਸਹੀ ਫ਼ੈਸਲਾ ਦਸਿਆ ਤੇ ਕਿਹਾ ਜੇ ਤਾਲਾਬੰਦੀ ਨਾ ਵਧਾਉਂਦੇ ਤਾਂ ਫਿਰ ਕੋਰੋਨਾ ਦਾ ਹਮਲਾ ਵੱਧ ਜਾਣਾ ਸੀ।
ਸਿਰਫ਼ 13 ਅਪ੍ਰੈਲ ਨੂੰ ਹੀ ਦਿੱਲੀ ਵਿਚ 356 ਹੋਰ ਕਰੋਨਾ ਪੀੜਤ ਮਰੀਜ਼ਾਂ ਵਿਚ ਵਾਧਾ ਹੋ ਚੁਕਾ ਹੈ ਤੇ ਰਾਜਧਾਨੀ 'ਚ ਕੋਰੋਨਾ ਪੀੜਤਾਂ ਦੀ ਕੁਲ ਤਾਦਾਦ 1510 ਹੋ ਗਈ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਕੋਰੋਨਾ ਪੀੜ੍ਹਤਾਂ ਕਰ ਕੇ, ਵੀ ਦਿੱਲੀ 'ਤੇ ਵਾਧੂ ਬੋਝ ਪਿਆ ਹੈ।
File photo
ਉਨ੍ਹਾਂ ਕਿਹਾ ਕਿ ਅਜੋਕੇ ਨਾਜ਼ੁਕ ਦੌਰ ਵਿਚ ਵੀ ਕਈ ਲੋਕ ਹਿੰਦੂ ਤੇ ਮੁਸਲਮਾਨ ਭਰਾਵਾਂ ਵਿਚਕਾਰ ਨਫ਼ਰਤ ਭੜਕਾ ਰਹੇ ਹਨ, ਜਿਨ੍ਹਾਂ ਨੂੰ ਕੁਦਰਤ ਕਦੇ ਮਾਫ਼ ਨਹੀਂ ਕਰੇਗੀ। ਅੱਜ ਸ਼ਾਮ ਨੂੰ ਡਿਜ਼ੀਟਲ ਪੱਤਰਕਾਰ ਮਿਲਣੀ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਦਿੱਲੀ ਵਿਚ ਇਕਦਮ ਕੋਰੋਨਾ ਪੀੜਤਾਂ ਦਾ ਅੰਕੜਾ ਵੱਧ ਗਿਆ ਹੈ। ਮਰਕਜ਼ ਦੇ ਹਾਦਸੇ ਕਰ ਕੇ, ਪੀੜਤਾਂ ਵਿਚ ਵਾਧਾ ਹੋ ਚੁਕਾ ਹੈ, ਫਿਰ ਵੀ ਅਸੀਂ ਇਸ ਨੂੰ ਕਾਬੂ ਵਿਚ ਕਰਨ ਲਈ ਲੋੜੀਂਦੇ ਕਦਮ ਪੁੱਟ ਰਹੇ ਹਾਂ।''
ਉਨ੍ਹਾਂ ਦਸਿਆ ਕਿ 14 ਹਜ਼ਾਰ ਅਜਿਹੇ ਕਾਰਕੁਨਾਂ ਦੀ ਟੀਮ ਤਿਆਰ ਕੀਤੀ ਗਈ ਹੈ ਜੋ ਨਾਜ਼ੁਕ ਤੇ ਅਤਿ ਨਾਜ਼ੁਕ ਘਰਾਂ ਵਿਚ ਜਾ ਕੇ, ਲੋਕਾਂ ਨੂੰ ਕਰੋਨਾ ਤੋਂ ਬਚਾਅ ਬਾਰੇ ਜਾਗਰੂਕ ਕਰਨਗੇ ਤੇ ਇਕੱਲ ਵਿਚ ਰਹਿਣ ਦਾ ਢੰਗ ਸਮਝਾਉਣਗੇ। ਹੁਣ ਤਕ ਜਿਨ੍ਹਾਂ ਇਲਾਕਿਆਂ ਵਿਚ ਇਕ ਜਾਂ ਦੋ ਤੋਂ ਵੱਧ ਕੋਰੋਨਾ ਪੀੜਤ ਮਰੀਜ਼ਾਂ ਦੀ ਨਿਸ਼ਾਨਦੇਹੀ ਹੋਈ ਹੈ, ਅਜਿਹੇ 47 ਇਲਾਕਿਆਂ ਨੂੰ ਸੀਲ ਕਰ ਕੇ, 'ਆਪ੍ਰੇਸ਼ਨ ਸ਼ੀਲਡ' ਚਲਾਇਆ ਜਾ ਰਿਹਾ ਹੈ ਤੇ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਹ ਆਪ੍ਰੇਸ਼ਨ ਬੜਾ ਕਾਮਯਾਬ ਹੈ। ਛਿੜਕਾਅ ਲਈ ਜਾਪਾਨ ਤੋਂ 10 ਮਸ਼ੀਨਾਂ ਮੰਗਵਾਈਆਂ ਗਈਆਂ ਹਨ ਅਤੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅਜਿਹੇ ਇਲਾਕਿਆਂ ਦਾ ਦੌਰਾ ਕੀਤਾ ਸੀ ਤੇ ਬੁੱੱਧਵਾਰ ਤੋਂ ਉਹ ਵੀ ਦੌਰਾ ਕਰਨਗੇ।