
ਰਾਜਨਾਥ ਸਿੰਘ ਨੇ ਪਾਕਿਸਤਾਨ ਦੀ ਪ੍ਰਮਾਣੂ ਹਥਿਆਰਾਂ ਨੂੰ ਸੰਭਾਲਣ ਦੀ ਯੋਗਤਾ 'ਤੇ ਚੁੱਕੇ ਸਵਾਲ
Operation Sindoor: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਹੱਥਾਂ ਵਿੱਚ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ 'ਤੇ ਸਵਾਲ ਚੁੱਕੇ ਅਤੇ ਕਿਹਾ ਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਹੇਠ ਲਿਆ ਜਾਣਾ ਚਾਹੀਦਾ ਹੈ।
ਰੱਖਿਆ ਮੰਤਰੀ, ਜੋ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਜੰਮੂ-ਕਸ਼ਮੀਰ ਦੇ ਆਪਣੇ ਪਹਿਲੇ ਦੌਰੇ 'ਤੇ ਸਨ, ਨੇ ਸੈਨਿਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਆਪ੍ਰੇਸ਼ਨ ਨੇ ਅਤਿਵਾਦੀ ਸੰਗਠਨਾਂ ਅਤੇ ਪਾਕਿਸਤਾਨ ਵਿੱਚ ਉਨ੍ਹਾਂ ਦੇ ਆਕਾਵਾਂ ਨੂੰ ਸਪੱਸ਼ਟ ਤੌਰ 'ਤੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਸਮਝਣਾ ਚਾਹੀਦਾ।
ਸਿੰਘ ਨੇ ਕਿਹਾ, "ਮੈਂ ਪੂਰੀ ਦੁਨੀਆਂ ਦੇ ਸਾਹਮਣੇ ਇਹ ਸਵਾਲ ਉਠਾਉਣਾ ਚਾਹੁੰਦਾ ਹਾਂ: ਕੀ ਪਾਕਿਸਤਾਨ ਦੇ ਹੱਥਾਂ ਵਿੱਚ ਪ੍ਰਮਾਣੂ ਹਥਿਆਰ ਸੁਰੱਖਿਅਤ ਹਨ, ਜੋ ਕਿ ਇੱਕ ਦੁਸ਼ਟ ਅਤੇ ਗ਼ੈਰ-ਜ਼ਿੰਮੇਵਾਰ ਦੇਸ਼ ਹੈ?"
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਨੂੰ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (IAEA) ਦੀ ਨਿਗਰਾਨੀ ਹੇਠ ਲਿਆ ਜਾਣਾ ਚਾਹੀਦਾ ਹੈ।
IAEA ਵਿਸ਼ਵਵਿਆਪੀ ਪ੍ਰਮਾਣੂ ਹਥਿਆਰਾਂ ਦਾ ਨਿਗਰਾਨ ਹੈ।
ਇਸ ਮੌਕੇ 'ਤੇ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ, "ਭਾਰਤ ਕਦੇ ਵੀ ਯੁੱਧ ਦੇ ਹੱਕ ਵਿੱਚ ਨਹੀਂ ਰਿਹਾ, ਪਰ ਜਦੋਂ ਸਾਡੀ ਪ੍ਰਭੂਸੱਤਾ 'ਤੇ ਹਮਲਾ ਹੋਵੇਗਾ, ਤਾਂ ਅਸੀਂ ਜਵਾਬ ਦੇਵਾਂਗੇ।"
ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦ 'ਤੇ ਭਾਰਤ ਨੂੰ ਧੋਖਾ ਦੇਣ ਦੀ ਭਾਰੀ ਕੀਮਤ ਅਦਾ ਕਰ ਰਿਹਾ ਹੈ ਅਤੇ ਜੇਕਰ ਅਤਿਵਾਦ ਜਾਰੀ ਰਿਹਾ ਤਾਂ ਇਹ ਕੀਮਤ ਹੋਰ ਵੀ ਵਧ ਜਾਵੇਗੀ।
'ਆਪ੍ਰੇਸ਼ਨ ਸਿੰਦੂਰ' ਨੂੰ ਅਤਿਵਾਦ ਵਿਰੁਧ ਭਾਰਤ ਦੀ ਸਭ ਤੋਂ ਵੱਡੀ ਕਾਰਵਾਈ ਦੱਸਦਿਆਂ ਸਿੰਘ ਨੇ ਕਿਹਾ ਕਿ ਭਾਰਤ ਨੇ ਪੂਰੀ ਦੁਨੀਆਂ ਨੂੰ ਸਪੱਸ਼ਟ ਤੌਰ 'ਤੇ ਦੱਸ ਦਿੱਤਾ ਹੈ ਕਿ ਅਸੀਂ ਅਤਿਵਾਦ ਵਿਰੁਧ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ 'ਆਪ੍ਰੇਸ਼ਨ ਸਿੰਦੂਰ' ਵਿੱਚ ਸੱਟ ਲੱਗੀ ਹੈ ਅਤੇ ਉਸ ਦੇ ਜ਼ਖ਼ਮਾਂ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਉਹ ਅਤਿਵਾਦੀ ਸੰਗਠਨਾਂ ਨੂੰ ਪਨਾਹ ਦੇਣਾ ਬੰਦ ਕਰੇ ਅਤੇ ਆਪਣੀ ਜ਼ਮੀਨ ਨੂੰ ਭਾਰਤ ਵਿਰੁਧ ਵਰਤਣ ਦੀ ਇਜਾਜ਼ਤ ਨਾ ਦੇਵੇ।
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ 35-40 ਸਾਲਾਂ ਤੋਂ ਸਰਹੱਦ ਪਾਰ ਅਤਿਵਾਦ ਦਾ ਸਾਹਮਣਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਕਰ ਕੇ ਭਾਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਦੇਸ਼ ਦੀ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਕਿਹਾ ਸੀ ਕਿ ਹੁਣ ਭਾਰਤ ਵਿੱਚ ਅਤਿਵਾਦ ਨਹੀਂ ਫੈਲੇਗਾ, ਪਰ ਇਸ ਨੇ ਭਾਰਤ ਨਾਲ ਧੋਖਾ ਕੀਤਾ ਅਤੇ ਅੱਜ ਵੀ ਧੋਖਾ ਦੇ ਰਿਹਾ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਿਵਾਦ ਵਿਰੁਧ ਭਾਰਤ ਦੀ ਨੀਤੀ ਨੂੰ ਸਪੱਸ਼ਟ ਤੌਰ 'ਤੇ ਦੁਹਰਾਇਆ ਹੈ, ਇਹ ਕਹਿੰਦੇ ਹੋਏ ਕਿ ਕਿਸੇ ਵੀ ਅਤਿਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਲੁਕੇ ਅਤਿਵਾਦੀ ਅਤੇ ਉਨ੍ਹਾਂ ਦੇ ਆਕਾ ਹੁਣ ਭਾਰਤੀ ਫ਼ੌਜਾਂ ਦੇ ਨਿਸ਼ਾਨੇ 'ਤੇ ਹਨ।