
ਪੰਜ ਜ਼ਿਲ੍ਹਿਆਂ 'ਚ 25 ਡਰੋਨਾਂ ਦੀ ਕੀਤੀ ਜਾਵੇਗੀ ਤੈਨਾਤੀ
ਜੈਪੁਰ : ਲੰਘੇ ਸਰਦੀਆਂ ਦੇ ਮੌਸਮ ਤੋਂ ਟਿੱਡੀ ਦਲ ਦੀ ਸ਼ੁਰੂ ਹੋਈ ਆਮਦ ਬਾਦਸਤੂਰ ਜਾਰੀ ਹੈ। ਈਰਾਨ ਅਤੇ ਪਾਕਿਸਤਾਨ ਵਿਚ ਤਬਾਹੀ ਮਚਾਉਣ ਤੋਂ ਬਾਅਦ ਇਹ ਟਿੱਡੀ ਦਲ ਹੁਣ ਭਾਰਤ ਅੰਦਰ ਵੀ ਵਿਕਰਾਲ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਖ਼ਾਸ ਕਰ ਕੇ ਰਾਜਸਥਾਨ ਅੰਦਰ ਇਸ ਨੇ ਹਰੀਆਂ-ਭਰੀਆਂ ਫ਼ਸਲਾਂ ਅਤੇ ਪੇੜ-ਪੌਦਿਆਂ 'ਤੇ ਹਮਲਾ ਕੀਤਾ ਹੈ। ਇਸ ਦੇ ਟਾਕਰੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਅਜੇ ਤਕ ਇਸ 'ਤੇ ਕਾਬੂ ਪਾਉਣ 'ਚ ਬਹੁਤੀ ਸਫ਼ਲਤਾ ਹੱਥ ਨਹੀਂ ਲੱਗ ਸਕੀ। ਰਾਜਸਥਾਨ ਸਰਕਾਰ ਨੇ ਹੁਣ ਇਸ ਦੇ ਟਾਕਰੇ ਲਈ ਡਰੋਨਾਂ ਦੀ ਮਦਦ ਲੈਣੀ ਸ਼ੁਰੂ ਕਰ ਦਿਤੀ ਹੈ।
Locusts
ਟਿੱਡੀ ਦਲ 'ਤੇ ਹਵਾਈ ਹਮਲਾ : ਰਾਜਸਥਾਨ ਅੰਦਰ ਸਰਕਾਰ ਵਲੋਂ ਟਿੱਡੀ ਦਲ ਖਿਲਾਫ਼ ਡਰੋਨ ਜ਼ਰੀਏ ਹਵਾਈ ਹਮਲਾ ਕਰਨ ਦੀ ਵਿੱਢੀ ਮੁਹਿੰਮ 'ਤੇ ਅਮਲ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਜੋਧਪੁਰ ਜ਼ਿਲ੍ਹੇ ਦੇ ਫਲੌਦੀ ਸਥਿਤ ਮੋਖਰੀ ਪਿੰਡ 'ਚ ਟਿੱਡੀ ਦਲ 'ਤੇ ਏਅਰ ਸਟਰਾਈਕ ਕੀਤੀ ਗਈ ਹੈ। 5 ਘੰਟੇ ਤਕ ਚੱਲੇ ਇਸ ਅਪ੍ਰੇਸ਼ਨ ਦੌਰਾਨ 80 ਫ਼ੀ ਸਦੀ ਟਿੱਡੀਆਂ ਦੇ ਸਫ਼ਾਏ ਦਾ ਦਾਅਵਾ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਪੰਜ ਜ਼ਿਲ੍ਹਿਆਂ ਅੰਦਰ ਟਿੱਡੀ ਦਲ ਨੂੰ ਡਰੋਨ ਜ਼ਰੀਏ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ।
Locust
ਟਿੱਡੀ ਦਲ ਦੇ ਖ਼ਾਤਮੇ ਲਈ ਕੱਢਿਆ ਟੈਂਡਰ : ਟਿੱਡੀ ਦਲ ਦੀ ਸਮੱਸਿਆ ਨਾਲ ਨਜਿੱਠਣ ਲਈ 5 ਕੰਪਨੀਆਂ ਨੂੰ ਟੈਂਡਰ ਪ੍ਰਣਾਲੀ ਤਹਿਤ ਠੇਕਾ ਦਿਤਾ ਗਿਆ ਹੈ। ਇਨ੍ਹਾਂ ਕੰਪਨੀਆਂ ਨੇ ਜੋਧਪੁਰ ਅਤੇ ਬਾਡਮੇਰ ਪਿੰਡ 'ਚ ਕੰਮ ਸ਼ੁਰੂ ਵੀ ਕਰ ਦਿਤਾ ਹੈ। 5 ਜ਼ਿਲ੍ਹਿਆਂ ਵਿਚ 25 ਡਰੋਨ ਤੈਨਾਤ ਕਰਨ ਦੀ ਤਿਆਰੀ ਹੈ। ਇਹ ਅਜਿਹਾ ਪਹਿਲਾ ਮੌਕਾ ਹੈ ਜਦੋਂ ਟਿੱਡੀ ਦਲ ਦੇ ਟਾਕਰੇ ਲਈ ਡਰੋਨ ਤੈਨਾਤ ਕੀਤੇ ਗਏ ਹੋਣ।
Locust attack
ਜੋਧਪੁਰ 'ਚ ਟਿੱਡੀ ਦਲ ਦੇ ਖ਼ਾਤਮੇ ਦਾ ਕੰਮ ਮੁੰਬਈ ਦੀ ਹੇਲਾ ਇਫਰਾਟੈਂਕ ਅਤੇ ਓਮਨੀ ਪ੍ਰਾਜੈਂਟ ਨਾਮ ਦੀ ਕੰਪਨੀ ਹਵਾਲੇ ਕੀਤਾ ਗਿਆ ਹੈ। ਬੀਕਾਨੇਰ 'ਚ ਇਸ ਕੰਮ ਨੂੰ ਆਯੋਟੈਕ ਐਗਰੀਵੇਸ਼ਨ ਨਾਮ ਦੀ ਕੰਪਨੀ ਨੇਪਰੇ ਚਾੜ੍ਹ ਰਹੀ ਹੈ। ਉਥੇ ਹੀ ਬਾਡਮੇਰ ਪ੍ਰਾਈਮ ਯੂਏਵੀ ਨੂੰ ਡਰੋਨ ਨਾਲ ਟਿੱਡੀ ਦਲ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਜੈਸਲਮੇਰ 'ਚ ਟਿੱਡੀ ਦਲ ਦੇ ਖ਼ਾਤਮੇ ਦਾ ਕੰਮ ਜਨਰਲ ਐਰੋਨਾਟਿਕਸ ਨਾਮ ਦੀ ਕੰਪਨੀ ਹਵਾਲੇ ਹੈ।
Locust
ਮਜ਼ਬੂਰੀ 'ਚ ਲਿਐ ਡਰੋਨ ਹਮਲੇ ਦਾ ਸਹਾਰਾ : ਆਮ ਤੌਰ 'ਤੇ ਰੇਤਲੇ ਟਿੱਬਿਆਂ ਅਤੇ ਉਬੜ-ਖਾਬੜ ਜ਼ਮੀਨ, ਖੇਤਾਂ ਅਤੇ ਪਹਾੜੀ ਇਲਾਕਿਆਂ ਅੰਦਰ ਗੱਡੀਆਂ ਦਾ ਪਹੁੰਚਣਾ ਮੁਸ਼ਕਲ ਹੁੰਦਾ ਹੈ। ਇਸ ਕਾਰਨ ਅਜਿਹੇ ਇਲਾਕਿਆਂ ਅੰਦਰ ਟਿੱਡੀ ਦਲ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ ਜਾਂ ਕਈ ਵਾਰ ਇੰਨੀ ਉਚਾਈ 'ਤੇ ਉਡ ਜਾਂਦੇ ਹਨ ਜਿੱਥੇ ਕੀਟਨਾਸ਼ਕ ਦੀ ਸਪਰੇਅ ਕਰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਡਰੋਨ ਜ਼ਰੀਏ ਇਨ੍ਹਾਂ 'ਤੇ ਕਾਬੂ ਪਾਉਣ ਦੇ ਨਾਲ ਨਾਲ ਨਜ਼ਰ ਰੱਖਣ 'ਚ ਵੀ ਮਦਦ ਮਿਲਦੀ ਹੈ। ਡਰੋਨ ਜ਼ਰੀਏ ਟਿੱਡੀ ਦਲ 'ਤੇ ਕੰਟਰੋਲ ਦੀ ਕਾਰਵਾਈ 'ਤੇ ਨਜ਼ਰ ਰੱਖਣ ਲਈ ਜੋਧਪੁਰ 'ਚ ਟਿੱਡੀ ਨਿਰੰਤਰਣ ਵਿਭਾਗ ਵਲੋਂ ਕੁੱਝ ਅਧਿਕਾਰੀਆਂ ਨੂੰ ਡੇਪੂਟੇਸ਼ਨ 'ਤੇ ਜੋਧਪੁਰ ਭੇਜਿਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।