
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੱਤਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਸੱਤਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਅਪਣੇ ਸੰਬੋਧਨ ਵਿਚ ਉਹਨਾਂ ਨੇ ਕੁੜੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਬਦਲਣ ਦਾ ਐਲ਼ਾਨ ਕੀਤਾ। ਉਹਨਾਂ ਨੇ ਕਿਹਾ ਕਿ ਬਦਲ ਰਹੇ ਵਿਸ਼ਵ ਪੱਧਰੀ ਮਾਹੌਲ ਵਿਚ ਉਹਨਾਂ ਨੇ ਧੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ ਤੈਅ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ।
PM Modi
ਉਸ ਦੀ ਰਿਪੋਰਟ ਮਿਲਦੇ ਹੀ ਸਰਕਾਰ ਇਸ ‘ਤੇ ਫੈਸਲਾ ਲਵੇਗੀ। ਸਿੱਖਿਆ ਅਤੇ ਸਿਹਤ ‘ਤੇ ਅਪਣੀ ਸਰਕਾਰ ਦੀ ਪਹਿਲਕਦਮੀ ਗਿਣਾਉਂਦੇ ਹੋਏ ਪੀਐਮ ਮੋਦੀ ਨੇ ਨਾਰੀ ਸ਼ਕਤੀ ਨੂੰ ਨਮਨ ਕੀਤਾ। ਉਹਨਾਂ ਕਿਹਾ, ‘ਸਾਡਾ ਤਜ਼ੁਰਬਾ ਕਹਿੰਦਾ ਹੈ ਕਿ ਭਾਰਤ ਵਿਚ ਨਾਰੀ ਸ਼ਕਤੀ ਨੂੰ ਜਦੋਂ-ਜਦੋਂ ਵੀ ਮੌਕਾ ਮਿਲਿਆ, ਉਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ, ਦੇਸ਼ ਨੂੰ ਮਜ਼ਬੂਤੀ ਦਿੱਤੀ ਹੈ’।
Marriage
ਉਹਨਾਂ ਕਿਹਾ ‘ਅੱਜ ਭਾਰਤ ਦੀਆਂ ਔਰਤਾਂ ਅੰਡਰਗ੍ਰਾਊਂਡ ਕੋਲਾ ਖਾਨਾਂ ਵਿਚ ਕੰਮ ਕਰ ਰਹੀਆਂ ਹਨ, ਲੜਾਕੂ ਜਹਾਜ਼ਾਂ ਨਾਲ ਅਸਮਾਨ ਦੀਆਂ ਬੁਲੰਦੀਆਂ ਨੂੰ ਵੀ ਛੂਹ ਰਹੀਆਂ ਹਨ‘। ਇਸ ਸਾਲ ਦੇ ਬਜਟ ਭਾਸ਼ਣ ਵਿਚ ਵੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਦੇ ਸੰਕੇਤ ਦਿੱਤੇ ਸਨ। ਉਹਨਾਂ ਨੇ ਉਸ ਸਮੇਂ ਤੰਦਰੁਸਤ, ਮਜ਼ਬੂਤ ਅਤੇ ਕਾਬਲ ਔਰਤ ‘ਤੇ ਜ਼ੋਰ ਦਿੱਤਾ ਸੀ।
PM Narendra Modi
ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਲੜਕੀਆਂ ਨੂੰ ਬਚਾਉਣ ਅਤੇ ਪੜ੍ਹਾਉਣ ‘ਤੇ ਜ਼ੋਰ ਦਿੱਤਾ ਗਿਆ ਸੀ, ਇਸ ਵਾਰ ਔਰਤਾਂ ਨੂੰ ਤੰਦਰੁਸਤ ਬਣਾਉਣ ਅਤੇ ਕੁਪੋਸ਼ਣ ਨਾਲ ਲੜਨ ‘ਤੇ ਜ਼ੋਰ ਦਿੱਤਾ ਗਿਆ ਹੈ। ਵਿਆਹ ਦੀ ਉਮਰ ਵਧਾਉਣ ਨਾਲ, ਸਰਕਾਰ ਉਹਨਾਂ ਦੀ ਜਣੇਪਾ ਦਰ ਨੂੰ ਘਟਾਉਣਾ ਅਤੇ ਉਹਨਾਂ ਦੇ ਪੋਸ਼ਣ ਪੱਧਰ ਨੂੰ ਸੁਧਾਰਨਾ ਚਾਹੁੰਦੀ ਹੈ।
Married Girl
ਇਸ ਸਮੇਂ ਦੇਸ਼ ਵਿਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਅਤੇ ਲੜਕਿਆਂ ਦੀ 21 ਸਾਲ ਹੈ। ਸਾਲ 1929 ਵਿਚ ਸ਼ਾਰਦਾ ਐਕਟ ਆਇਆ ਸੀ, ਜਿਸ ਵਿਚ ਲੜਕੀਆਂ ਦੇ ਵਿਆਹ ਦੀ ਘੱਟੋ ਘੱਟ ਉਮਰ 15 ਸਾਲ ਸੀ। ਇਸ ਕਾਨੂੰਨ ਵਿਚ 1978 ਵਿਚ ਸੋਧ ਹੋਈ ਸੀ, ਜਿਸ ਵਿਚ ਲੜਕੀਆਂ ਦੇ ਵਿਆਹ ਦੀ ਉਮਰ 15 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ।