ਜਨਵਰੀ ਤੋਂ ਹੀ ਜ਼ਿਲ੍ਹੇ ਦੇ ਕੋਲਹਾਨ ਕੋਰ ਇਲਾਕੇ ’ਚ ਜਨਵਰੀ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ
ਚਾਈਬਾਸਾ (ਝਾਰਖੰਡ): ਝਾਰਖੰਡ ਦੇ ਪਛਮੀ ਸਿੰਘਭੂਮ ਜ਼ਿਲ੍ਹੇ ’ਚ ਮਾਉਵਾਦੀਆਂ ਨਾਲ ਮੁਕਾਬਲੇ ’ਚ ਝਾਰਖੰਡ ਜਗੁਆਰ ਫ਼ੋਰਸ ਦੇ ਦੋ ਜਵਾਨਾਂ ਦੀ ਮੌਤ ਹੋ ਗਈ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਮੁਕਾਬਲਾ ਸੋਮਵਾਰ ਦੇਰ ਰਾਤ ਨੂੰ ਟੋਂਟੋ ਪੁਲਿਸ ਥਾਣਾ ਖੇਤਰ ’ਚ ਤੁੰਬਾਹਾਕਾ ਅਤੇ ਸਰਜੋਮਬੁਰੂ ਪਿੰਡਾਂ ਵਿਚਕਾਰ ਇਕ ਜੰਗਲ ’ਚ ਹੋਇਆ।
ਪਛਮੀ ਸਿੰਘਭੂਮ ਦੇ ਪੁਲਿਸ ਸੂਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਕਿਹਾ, ‘‘ਮਾਉਵਾਦੀਆਂ ਨਾਲ ਮੁਕਾਬਲੇ ’ਚ ਸਬ-ਇੰਸਪੈਕਟਰ ਅਮਿਤ ਤਿਵਾਰੀ ਅਤੇ ਕਾਂਸਟੇਬਲ ਗੌਤਮ ਕੁਮਾਰ ਨਾਮਕ ਦੋ ਜਵਾਨ ਮਾਰੇ ਗਏ।’’
ਉਨ੍ਹਾਂ ਕਿਹਾ ਕਿ ਇਲਾਕੇ ’ਚ ਸਿਖਰਲੇ ਮਾਉਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਮਿਲਣ ’ਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ਼.), ਕੋਬਰਾ, ਝਾਰਖੰਡ, ਜਗੁਆਰ ਫ਼ੋਰਸ ਅਤੇ ਜ਼ਿਲ੍ਹੇ ਹਥਿਆਰਬੰਦ ਪੁਲਿਸ ਦੀ ਸਾਂਝੀ ਟੀਮ ਨੇ ਵਿਆਪਕ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਕਿ ਸੁਰਿੱਖਿਆ ਮੁਲਾਜ਼ਮਾਂ ਨੂੰ ਆਉਂਦਿਆਂ ਵੇਖ ਕੇ ਮਾਉਵਾਦੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਹੋਏ ਮੁਕਾਬਲੇ ’ਚ ਦੋ ਜਵਾਨਾਂ ਦੀ ਮੌਤ ਹੋ ਗਈ।
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ, ‘‘ਪਛਮੀ ਸਿੰਘਭੂਮ ਜ਼ਿਲ੍ਹੇ ’ਚ ਮਾਉਵਾਦੀਆਂ ਨਾਲ ਮੁਕਾਬਲੇ ’ਚ ਝਾਰਖੰਡ ਜਗੁਆਰ ਦੇ ਦੋ ਫ਼ੌਜੀ- ਅਮਿਤ ਤਿਵਾਰੀ ਅਤੇ ਗੌਤਮ ਕੁਮਾਰ ਦੀ ਸ਼ਹਾਦ ਦੀ ਦੁਖ ਭਰੀ ਖ਼ਬਰ ਮਿਲੀ। ਰੱਬ ਇਨ੍ਹਾਂ ਮਰਹੂਮ ਆਤਮਾਵਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਸੋਗ ’ਚ ਡੁੱਬੇ ਪ੍ਰਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਸਮਰਥਾ ਦੇਵੇ।’’
ਇਸ ਘਟਨਾ ਤੋਂ ਦੋ ਦਿਨ ਪਹਿਲਾਂ ਇਸੇ ਇਲਾਕੇ ’ਚ ਮਾਉਵਾਦੀਆਂ ਨਾਲ ਮੁਕਾਬਲੇ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ ਸੀ।
ਇਲਾਕੇ ’ਚ ਸਿਖਰਲੇ ਮਾਉਵਾਦੀਆਂ ਦੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਜਨਵਰੀ ਤੋਂ ਹੀ ਜ਼ਿਲ੍ਹੇ ਦੇ ਕੋਲਹਾਨ ਕੋਰ ਇਲਾਕੇ ’ਚ ਜਨਵਰੀ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਮਾਉਵਾਦੀਆਂ ’ਚ ਲੋੜੀਂਦੇ ਨਕਸਲੀ ਮਿਸਿਰ ਬੇਸਰਾ ਵੀ ਸ਼ਾਮਲ ਹਨ।