
20 ਸਤੰਬਰ ਨੂੰ ਸੁਣਾਇਆ ਜਾਵੇਗਾ ਫ਼ੈਸਲਾ
ਨਵੀਂ ਦਿੱਲੀ - 1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਕਾਂਗਰਸ ਆਗੂ ਸੱਜਣ ਕੁਮਾਰ 'ਤੇ ਫ਼ੈਸਲਾ ਟਲ ਗਿਆ ਹੈ। ਇਸ ਮਾਮਲੇ ਵਿਚ ਹੁਣ 20 ਸਤੰਬਰ ਨੂੰ ਰਾਊਜ਼ ਐਵੇਨਿਊ ਕੋਰਟ ਵਿਚ ਫ਼ੈਸਲਾ ਸੁਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ 28 ਅਗਸਤ ਨੂੰ ਇਸ ਮਾਮਲੇ 'ਤੇ ਫ਼ੈਸਲਾ 15 ਸਤੰਬਰ ਨੂੰ ਸੁਣਾਉਣ ਦਾ ਹੁਕਮ ਦਿੱਤਾ ਸੀ।
ਇਸ ਤੋਂ ਪਹਿਲਾਂ ਅਦਾਲਤ ਨੇ 11 ਅਗਸਤ ਅਤੇ 25 ਜੁਲਾਈ ਨੂੰ ਵੀ ਫ਼ੈਸਲਾ ਟਾਲ ਦਿੱਤਾ ਸੀ। ਇਸ ਕੇਸ ਨੂੰ ਪਟਿਆਲਾ ਹਾਊਸ ਕੋਰਟ ਨੇ ਰਾਊਜ਼ ਐਵੇਨਿਊ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਕੇਸ ਦਰਜ ਕਰਨ ਦੇ ਹੁਕਮ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਨੇ ਦਿੱਤੇ ਸਨ। 16 ਨਵੰਬਰ 2018 ਨੂੰ ਕੇਸ ਦੀ ਮੁੱਖ ਗਵਾਹ ਚਾਮ ਕੌਰ ਨੇ ਪਟਿਆਲਾ ਹਾਊਸ ਕੋਰਟ ਵਿਚ ਮੌਜੂਦ ਸੱਜਣ ਕੁਮਾਰ ਦੀ ਪਛਾਣ ਕੀਤੀ ਸੀ।
ਚਾਮ ਕੌਰ ਨੇ 20 ਸਤੰਬਰ 2018 ਨੂੰ ਦੋਸ਼ ਲਾਇਆ ਸੀ ਕਿ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਕੇ ਅਦਾਲਤ ਵਿਚ ਗਵਾਹੀ ਦੇਣ ਤੋਂ ਰੋਕਿਆ ਜਾ ਰਿਹਾ ਹੈ। ਉਸ ਨੇ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਚਾਮ ਕੌਰ ਨੇ ਕਿਹਾ ਸੀ ਕਿ 19 ਸਤੰਬਰ ਦੀ ਰਾਤ ਨੂੰ ਦਿੱਲੀ ਦੇ ਸੁਲਤਾਨਪੁਰ ਮਾਜਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਜੈ ਕਿਸ਼ਨ ਦੇ ਲੋਕ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਇਸ ਦੇ ਨਾਲ ਹੀ ਪੈਸੇ ਦਾ ਲਾਲਚ ਵੀ ਦਿੱਤਾ।