
ਮੋਦੀ ਨੇ ਕਿਹਾ ਕਿ ਝਾਰਖੰਡ, ਜੋ ਵਿਕਾਸ ਦੇ ਮਾਮਲੇ ’ਚ ਪਿੱਛੇ ਸੀ, ਇਨ੍ਹਾਂ ਪ੍ਰਾਜੈਕਟਾਂ ਦੇ ਚਾਲੂ ਹੋਣ ਨਾਲ ਤੇਜ਼ੀ ਨਾਲ ਤਰੱਕੀ ਕਰੇਗਾ
Jharkhand News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਦਿਵਾਸੀਆਂ, ਗਰੀਬਾਂ, ਦਲਿਤਾਂ, ਔਰਤਾਂ ਅਤੇ ਨੌਜੁਆਨਾਂ ਦਾ ਵਿਕਾਸ ਕੇਂਦਰ ਦੀ ਤਰਜੀਹ ਹੈ ਅਤੇ ਉਨ੍ਹਾਂ ਦੇ ਲਾਭ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਮੋਦੀ ਨੇ ਕਿਹਾ ਕਿ ਝਾਰਖੰਡ, ਜੋ ਵਿਕਾਸ ਦੇ ਮਾਮਲੇ ’ਚ ਪਿੱਛੇ ਸੀ, ਇਨ੍ਹਾਂ ਪ੍ਰਾਜੈਕਟਾਂ ਦੇ ਚਾਲੂ ਹੋਣ ਨਾਲ ਤੇਜ਼ੀ ਨਾਲ ਤਰੱਕੀ ਕਰੇਗਾ।
ਮੋਦੀ ਨੇ ਟਾਟਾਨਗਰ ’ਚ ਵੰਦੇ ਇੰਡੀਆ ਦੀਆਂ 6 ਰੇਲ ਗੱਡੀਆਂ ਅਤੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਲਈ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਝਾਰਖੰਡ ਵਿਕਾਸ ’ਚ ਪਿੱਛੇ ਸੀ ਪਰ ਹੁਣ ਕਈ ਪ੍ਰਾਜੈਕਟ ਇਸ ਨੂੰ ਤਰੱਕੀ ਵਲ ਲੈ ਜਾਣਗੇ। ਹੁਣ ਕੇਂਦਰ ਦੀ ਤਰਜੀਹ ਆਦਿਵਾਸੀਆਂ, ਗਰੀਬਾਂ, ਨੌਜੁਆਨਾਂ, ਔਰਤਾਂ ਅਤੇ ਦਲਿਤਾਂ ਦਾ ਵਿਕਾਸ ਹੈ।’’
ਮੋਦੀ ਨੇ ਖਰਾਬ ਮੌਸਮ ਕਾਰਨ ਸਮਾਗਮ ਵਾਲੀ ਥਾਂ ’ਤੇ ਨਾ ਪਹੁੰਚ ਸਕਣ ਲਈ ਝਾਰਖੰਡ ਦੇ ਲੋਕਾਂ ਤੋਂ ਮੁਆਫੀ ਮੰਗੀ। ਖਰਾਬ ਮੌਸਮ ਕਾਰਨ ਮੋਦੀ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ ਅਤੇ ਉਨ੍ਹਾਂ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਣਾ ਪਿਆ।
ਪ੍ਰਧਾਨ ਮੰਤਰੀ ਨੇ ਟਾਟਾਨਗਰ ਨਾ ਪਹੁੰਚ ਸਕਣ ਲਈ ਲੋਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ, ‘‘ਖਰਾਬ ਮੌਸਮ ਕਾਰਨ ਮੇਰਾ ਹੈਲੀਕਾਪਟਰ ਰਾਂਚੀ ਤੋਂ ਉਡਾਣ ਨਹੀਂ ਭਰ ਸਕਿਆ।’’ ਉਨ੍ਹਾਂ ਕਿਹਾ ਕਿ ਰੇਲ ਅਤੇ ਹੋਰ ਪ੍ਰਾਜੈਕਟਾਂ ਰਾਹੀਂ ਪੂਰਬੀ ਖੇਤਰ ’ਚ ਉਦਯੋਗ, ਸੈਰ-ਸਪਾਟਾ, ਆਰਥਕ ਵਿਕਾਸ ਅਤੇ ਵਿਕਾਸ ਨੂੰ ਹੁਲਾਰਾ ਦਿਤਾ ਜਾਵੇਗਾ।
ਮੋਦੀ ਨੇ ਕਿਹਾ ਕਿ ਕੇਂਦਰ ਨੇ ਝਾਰਖੰਡ ਦੇ ਵਿਕਾਸ ਲਈ ਨਿਵੇਸ਼ ਵਧਾਇਆ ਹੈ। ਝਾਰਖੰਡ ਨੂੰ ਇਸ ਸਾਲ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 7,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਪਿਛਲੇ 10 ਸਾਲਾਂ ਦੇ ਬਜਟ ਦੀ ਤੁਲਨਾ ਕਰੀਏ ਤਾਂ ਇਹ 16 ਗੁਣਾ ਜ਼ਿਆਦਾ ਹੈ। ਝਾਰਖੰਡ ਉਨ੍ਹਾਂ ਸੂਬਿਆਂ ਦੀ ਸੂਚੀ ’ਚ ਸ਼ਾਮਲ ਹੋ ਗਿਆ ਹੈ ਜਿੱਥੇ ਰੇਲਵੇ ਨੈੱਟਵਰਕ ਦਾ 100 ਫ਼ੀ ਸਦੀ ਬਿਜਲੀਕਰਨ ਕੀਤਾ ਗਿਆ ਹੈ।’’
ਮੋਦੀ ਨੇ ਕਿਹਾ ਕਿ ਅਮਰੁਤ ਇੰਡੀਆ ਸਟੇਸ਼ਨ ਯੋਜਨਾ ਤਹਿਤ ਰਾਜ ਦੇ 50 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਵੀ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉਨ੍ਹਾਂ ਨੇ ਝਾਰਖੰਡ, ਓਡੀਸ਼ਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ 6 ਵੰਦੇ ਇੰਡੀਆ ਰੇਲ ਗੱਡੀਆਂ ਨੂੰ ਡਿਜੀਟਲ ਤੌਰ ’ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ।
ਇਸ ਮੌਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਅੰਨਪੂਰਨਾ ਦੇਵੀ ਅਤੇ ਸੰਜੇ ਸੇਠ, ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਵੀ ਟਾਟਾਨਗਰ ਸਟੇਸ਼ਨ ’ਤੇ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਐਤਵਾਰ ਤੋਂ ਝਾਰਖੰਡ, ਗੁਜਰਾਤ ਅਤੇ ਓਡੀਸ਼ਾ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਇਸ ਦੌਰਾਨ ਉਹ 12,460 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਣਗੇ ਅਤੇ ਉਦਘਾਟਨ ਕਰਨਗੇ।
ਰਾਂਚੀ ਤੋਂ 660 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਰਾਂਚੀ ਤੋਂ 660 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਡਿਜੀਟਲ ਸ਼ੁਰੂਆਤ ਕੀਤੀ। ਮੋਦੀ ਨੇ ਦੇਵਘਰ ਜ਼ਿਲ੍ਹੇ ’ਚ ਮਧੂਪੁਰ ਬਾਈਪਾਸ ਲਾਈਨ ਅਤੇ ‘ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ’ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਕਿਹਾ ਕਿ ਇਹ ਡਿਪੂ ਕਈ ਨਵੀਆਂ ਰੇਲ ਗੱਡੀਆਂ ਅਤੇ ਸੇਵਾਵਾਂ ਸ਼ੁਰੂ ਕਰਨ ’ਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕੁਰਕੁਰਾ-ਕਨਾਰੋਂ ਦੋਹਰੇ ਕਰਨ ਦੇ ਪ੍ਰਾਜੈਕਟ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ ਜੋ ਬਾਂਦਾਮੁੰਡਾ-ਰਾਂਚੀ ਸਿੰਗਲ ਲਾਈਨ ਸੈਕਸ਼ਨ ਦਾ ਹਿੱਸਾ ਹੈ ਅਤੇ ਰਾਂਚੀ ਮੁਰੀ ਅਤੇ ਚੰਦਰਪੁਰਾ ਸਟੇਸ਼ਨਾਂ ਤੋਂ ਲੰਘਣ ਵਾਲੇ ਰਾਊਰਕੇਲਾ-ਗੋਮੋਹ ਮਾਰਗ ਦਾ ਹਿੱਸਾ ਹੈ। ਇਹ ਪ੍ਰਾਜੈਕਟ ਮਾਲ ਅਤੇ ਮੁਸਾਫ਼ਰਾਂ ਦੀ ਆਵਾਜਾਈ ਦੀ ਗਤੀਸ਼ੀਲਤਾ ਨੂੰ ਵਧਾਏਗਾ। ਇਸ ਤੋਂ ਇਲਾਵਾ ਚਾਰ ਰੋਡ ਅੰਡਰ ਬ੍ਰਿਜ (ਆਰ.ਯੂ.ਬੀ.) ਵੀ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ।
ਮੋਦੀ ਨੇ ਕਿਹਾ, ‘‘ਝਾਰਖੰਡ ’ਚ ਰੇਲਵੇ ਟਰੈਕ ਬਿਛਾਉਣ, ਉਨ੍ਹਾਂ ਨੂੰ ਦੁੱਗਣਾ ਕਰਨ ਅਤੇ ਰੇਲਵੇ ਸਟੇਸ਼ਨਾਂ ’ਤੇ ਆਧੁਨਿਕ ਸਹੂਲਤਾਂ ਵਿਕਸਿਤ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।’’