
ਅਰਲਾਈਨ ਦੇ ਬੁਲਾਰੇ ਨੇ ਉਡਾਣ ਰੱਦ ਹੋਣ ਲਈ ਮੁਆਫੀ ਮੰਗੀ
Doha-Bound IndiGo Flight Cancelled : ਮੁੰਬਈ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਉਡਾਣ 6E 1303 ਨੂੰ ਤਕਨੀਕੀ ਖਰਾਬੀ ਕਾਰਨ ਐਤਵਾਰ ਨੂੰ ਕਈ ਵਾਰ ਦੇਰੀ ਹੋਣ ਤੋਂ ਬਾਅਦ ਰੱਦ ਕਰ ਦਿੱਤਾ। ਉਡਾਣ ਭਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੰਬੀ ਦੇਰੀ ਕਾਰਨ ਏਅਰਲਾਈਨ ਨੂੰ ਉਡਾਣ ਰੱਦ ਕਰਨੀ ਪਈ। ਇਸ ਫਲਾਈਟ 'ਚ 250 ਤੋਂ 300 ਯਾਤਰੀ ਸਨ, ਜੋ ਮੁੰਬਈ ਏਅਰਪੋਰਟ 'ਤੇ ਫਸੇ ਹੋਏ ਹਨ। ਇਸ ਫਲਾਈਟ ਨੇ ਸਵੇਰੇ 3:55 'ਤੇ ਰਵਾਨਾ ਹੋਣਾ ਸੀ।
ਇੱਕ ਏਅਰਲਾਈਨ ਦੇ ਬੁਲਾਰੇ ਨੇ ਉਡਾਣ ਰੱਦ ਹੋਣ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਯਾਤਰੀਆਂ ਨੂੰ ਹੋਟਲਾਂ ਵਿੱਚ ਠਹਿਰਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਅੰਤਿਮ ਮੰਜ਼ਿਲਾਂ 'ਤੇ ਪਹੁੰਚਾਉਣ ਲਈ ਹੋਰ ਉਡਾਣਾਂ 'ਚ ਬੁੱਕ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਉਡਾਣ ਨੂੰ ਰੱਦ ਕੀਤਾ ਗਿਆ ਤਾਂ ਯਾਤਰੀਆਂ ਨੂੰ ਪੰਜ ਘੰਟੇ ਤੱਕ ਜਹਾਜ਼ ਵਿੱਚ ਬੈਠਣ ਲਈ ਕਿਹਾ ਗਿਆ ,ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਸੀ। ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਆਖਰਕਾਰ, ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਯਾਤਰੀਆਂ ਨੂੰ ਉਤਰਨ ਲਈ ਕਿਹਾ ਗਿਆ ਅਤੇ ਹਵਾਈ ਅੱਡੇ ਦੇ ਹੋਲਡਿੰਗ ਖੇਤਰ ਵਿੱਚ ਇੰਤਜ਼ਾਰ ਕਰਨਾ ਪਿਆ। ਮੀਡੀਆ ਰਿਪੋਰਟਾਂ ਮੁਤਾਬਕ ਫਸੇ ਯਾਤਰੀਆਂ ਦਾ ਆਰੋਪ ਹੈ ਕਿ ਉਨ੍ਹਾਂ ਨੂੰ ਕੋਈ ਖਾਣਾ ਜਾਂ ਪਾਣੀ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ ਏਅਰਲਾਈਨ ਦਾ ਕੋਈ ਅਧਿਕਾਰੀ ਉਨ੍ਹਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸੀ। ਸ਼ੁੱਕਰਵਾਰ ਨੂੰ ਮੁੰਬਈ ਤੋਂ ਫੁਕੇਟ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਖਰਾਬ ਮੌਸਮ ਕਾਰਨ ਮਲੇਸ਼ੀਆ ਦੇ ਪੇਨਾਂਗ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ ਸੀ।