
ਸਹਿਦੇਵ ਉਰਫ ਪ੍ਰਵੇਸ਼ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਉਵਾਦੀ) ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ ਅਤੇ ਉਸ ਦੇ ਸਿਰ ਉਤੇ 1 ਕਰੋੜ ਰੁਪਏ ਦਾ ਇਨਾਮ ਸੀ
ਰਾਂਚੀ : ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ’ਚ ਤਿੰਨ ਮਾਉਵਾਦੀਆਂ ਦੀ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗੋਰਹਾਰ ਥਾਣੇ ਦੀ ਹੱਦ ਅਧੀਨ ਪੈਂਤਿਤਰੀ ਜੰਗਲ ਵਿਚ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਉਵਾਦੀ) ਦੇ ਸਹਿਦੇਵ ਸੋਰੇਨ ਦੇ ਦਸਤੇ ਅਤੇ ਸੁਰੱਖਿਆ ਬਲਾਂ ਵਿਚਕਾਰ ਸਵੇਰੇ 6 ਵਜੇ ਦੇ ਕਰੀਬ ਮੁਕਾਬਲਾ ਹੋਇਆ।
ਝਾਰਖੰਡ ਪੁਲਿਸ ਦੇ ਆਈ.ਜੀ. (ਆਪ੍ਰੇਸ਼ਨ) ਅਤੇ ਬੁਲਾਰੇ ਮਾਈਕਲ ਰਾਜ ਐਸ. ਨੇ ਦਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਹਿਦੇਵ ਸੋਰੇਨ ਅਤੇ ਦੋ ਹੋਰ ਮਾਉਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਹਿਦੇਵ ਉਰਫ ਪ੍ਰਵੇਸ਼ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਉਵਾਦੀ) ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ ਅਤੇ ਉਸ ਦੇ ਸਿਰ ਉਤੇ 1 ਕਰੋੜ ਰੁਪਏ ਦਾ ਇਨਾਮ ਸੀ। ਉਨ੍ਹਾਂ ਦਸਿਆ ਕਿ ਮੁਹਿੰਮ ’ਚ ਮਾਰੇ ਗਏ ਦੋ ਹੋਰ ਜਣਿਆਂ ਦੀ ਪਛਾਣ ਰਘੂਨਾਥ ਹੇਮਬਰਮ ਉਰਫ ਚੰਚਲ ਅਤੇ ਬਿਰਸੇਨ ਗੰਝੂ ਵਜੋਂ ਹੋਈ ਹੈ।
ਆਈ.ਜੀ. (ਆਪ੍ਰੇਸ਼ਨ) ਨੇ ਕਿਹਾ, ‘‘ਰਘੂਨਾਥ ਸੰਗਠਨ ਦਾ ਵਿਸ਼ੇਸ਼ ਖੇਤਰ ਕਮੇਟੀ ਦਾ ਮੈਂਬਰ ਸੀ ਅਤੇ ਉਸ ਦੇ ਸਿਰ ਉਤੇ 25 ਲੱਖ ਰੁਪਏ ਦਾ ਇਨਾਮ ਸੀ, ਜਦਕਿ ਗੰਝੂ ਜ਼ੋਨਲ ਕਮੇਟੀ ਦਾ ਮੈਂਬਰ ਸੀ, ਜਿਸ ਦੇ ਸਿਰ ਉਤੇ 10 ਲੱਖ ਰੁਪਏ ਦਾ ਇਨਾਮ ਸੀ।’’ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਮੁਕਾਬਲੇ ’ਚ ਕਈ ਹਥਿਆਰ ਬਰਾਮਦ ਕੀਤੇ ਗਏ ਹਨ।