
16 ਸਤੰਬਰ ਨੂੰ ਮਨਾਉਣਾ ਸੀ ਆਪਣੇ ਇਕਲੌਤੇ ਪੁੱਤਰ ਦਾ ਜਨਮ ਦਿਨ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਬੀ.ਐਮ.ਡਬਲਿਊ ਕਾਰ ਨਾਲ ਵਾਪਰੇ ਸੜਕ ਹਾਦਸੇ ਪਿੱਛੋਂ ਕਈ ਕਹਾਣੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਇਹ ਹਾਦਸਾ ਪਲਾਂ ਅੰਦਰ ਹੀ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਖੋਹ ਕੇ ਲੈ ਗਿਆ। ਧੌਲਾ ਕੂਆਂ ਨੇੜੇ ਵਾਪਰੇ ਇਸ ਭਿਆਨਕ ਸੜਕ ਹਾਦਸੇ ਦੌਰਾਨ ਵਿੱਤ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਨਵਜੋਤ ਸਿੰਘ ਦੀ ਜਾਨ ਚਲੀ ਗਈ ਜਦਕਿ ਉਨ੍ਹਾਂ ਦੀ ਪਤਨੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ।
13 ਦਿਨ ਪਹਿਲਾਂ ਨਵਜੋਤ ਸਿੰਘ ਨੇ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ ਮਨਾਈ ਸੀ ਅਤੇ ਭਲਕੇ 16 ਸਤੰਬਰ ਨੂੰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ ਦਿਨ ਹੈ, ਜਿਸ ਦੀਆਂ ਪਰਿਵਾਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪਰ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਖੁਸ਼ੀ ਵਾਲੇ ਦਿਨ ਉਨ੍ਹਾਂ ਦੇ ਘਰ ਮਾਤਮ ਛਾ ਜਾਵੇਗਾ।
ਮ੍ਰਿਤਕ ਨਵਜੋਤ ਸਿੰਘ ਦੀ ਮਾਂ ਗੁਰਪਾਲ ਕੌਰ ਦੀਆਂ ਅੱਖਾਂ ’ਚ ਸਿਰਫ਼ ਹੰਝੂ ਅਤੇ ਸਵਾਲ ਹਨ। ਉਨ੍ਹਾਂ ਰੋਂਦੇ ਹੋਏ ਕਿਹਾ ਕਿ ਮੇਰਾ ਬੱਚਾ ਚਲਾ ਗਿਆ.. .ਬਹੁਤ ਬੇਇਨਸਾਫੀ ਹੋਈ ਹੈ ਮੇਰੇ ਪੁੱਤਰ ਦੇ ਨਾਲ, ਮੇਰੀ ਬਹੂ ਨੂੰ ਵੀ ਬਹੁਤ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿਚ ਦਾਖਲ ਹੈ। ਹਾਦਸੇ ਦੇ ਸਮੇਂ ਉਹ ਬੇਹੋਸ਼ ਹੋ ਗਈ ਸੀ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ਵਿਚ ਪਈ ਹੈ ਅਤੇ ਉਸ ਨੂੰ ਉਥੇ ਦੇਖਣ ਵਾਲਾ ਕੋਈ ਨਹੀਂ ਹੈ।
ਪਰਿਵਾਰ ਨੇ ਆਰੋਪ ਲਗਾਇਆ ਕਿ ਇਹ ਪੂਰਾ ਘਟਨਾਕ੍ਰਮ ਇਕ ਸੋਚੀ ਸਮਝੀ ਯੋਜਨਾ ਦਾ ਹਿੱਸਾ ਸੀ। ਆਰੋਪ ਇਹ ਵੀ ਹੈ ਕਿ ਹਾਦਸੇ ਤੋਂ ਬਾਅਦ ਆਰੋਪੀ ਜੋੜੇ ਅਤੇ ਹਸਪਤਾਲ ਨੇ ਮਿਲ ਕੇ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਵਾਲ ਇਹ ਵੀ ਹੈ ਕਿ ਜ਼ਖਮੀ ਜੋੜੇ ਨੂੰ ਜਾਣ ਬੁੱਝ ਕੇ ਛੋਟੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤਾਂ ਜੋ ਹਾਦਸੇ ਦੀ ਗੰਭੀਰਤਾ ਨੂੰ ਦਬਾਇਆ ਜਾ ਸਕੇ।