
26 ਜੁਲਾਈ ਨੂੰ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਵਿੱਚ ਕੀਤਾ ਗਿਆ ਸੀ ਗ੍ਰਿਫ਼ਤਾਰ
ਸ਼ਿਲਾਂਗ - ਮੇਘਾਲਿਆ ਹਾਈ ਕੋਰਟ ਨੇ ਤਿੰਨ ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ 'ਚ ਭਾਜਪਾ ਆਗੂ ਬਰਨਾਰਡ ਐੱਨ. ਮਰਾਕ ਨੂੰ ਜ਼ਮਾਨਤ ਦੇ ਦਿੱਤੀ ਹੈ।
ਮਰਾਕ ਗਾਰੋ ਹਿਲਜ਼ ਆਟੋਨੋਮਸ ਜ਼ਿਲ੍ਹਾ ਪ੍ਰੀਸ਼ਦ ਦੇ ਚੁਣੇ ਹੋਏ ਮੈਂਬਰ ਅਤੇ ਭਾਜਪਾ ਦੀ ਮੇਘਾਲਿਆ ਇਕਾਈ ਦਾ ਉਪ-ਪ੍ਰਧਾਨ ਹੈ। ਉਸ ਦੇ ਫ਼ਾਰਮ ਹਾਊਸ ਤੋਂ ਵਿਸਫ਼ੋਟਕ ਸਮੱਗਰੀ ਮਿਲਣ ਅਤੇ ਇਸ ਫ਼ਾਰਮ ਹਾਊਸ ਤੋਂ ਦੇਹ ਵਪਾਰ ਦਾ ਗਰੋਹ ਚਲਾਉਣ ਦੇ ਮਾਮਲੇ ਵਿਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।
ਫ਼ਾਰਮ ਹਾਊਸ ਨਾਲ ਸੰਬੰਧਿਤ ਆਖਰੀ ਮਾਮਲੇ 'ਚ ਹੁਕਮ ਪਾਸ ਕਰਦੇ ਹੋਏ ਜਸਟਿਸ ਡਬਲਯੂ ਦੇਨਗਨੋਹ ਨੇ ਕਿਹਾ ਕਿ ਬੱਚੀ ਦੇ ਕਥਿਤ ਜਿਨਸੀ ਸ਼ੋਸ਼ਣ 'ਚ ਮਾਰਕ ਦੀ ਸ਼ਮੂਲੀਅਤ ਦੇ ਕੋਈ ਸਬੂਤ ਨਹੀਂ ਮਿਲੇ। ਜਸਟਿਸ ਨੇ ਕਿਹਾ ਕਿ ਭਾਜਪਾ ਆਗੂ ਨੂੰ 'ਬਹੁਤ ਹੀ ਫ਼ਿਲਮੀ ਤਰੀਕੇ ਨਾਲ' ਫ਼ੜਿਆ ਗਿਆ ਸੀ।
ਅਦਾਲਤ ਨੇ ਭਾਜਪਾ ਆਗੂ ਨੂੰ ਦੇਸ਼ ਤੋਂ ਬਾਹਰ ਨਾ ਜਾਣ, ਸਬੂਤਾਂ ਨਾਲ ਛੇੜਛਾੜ ਨਾ ਕਰਨ ਅਤੇ ਲੋੜ ਪੈਣ 'ਤੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਸ ਨੂੰ 30,000 ਰੁਪਏ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਐਨੀ ਹੀ ਰਕਮ ਦੇ ਦੋ ਜ਼ਮਾਨਤਦਾਰ ਪੇਸ਼ ਕਰਨ ਲਈ ਕਿਹਾ ਗਿਆ।
ਮਰਾਕ ਨੂੰ 26 ਜੁਲਾਈ ਨੂੰ ਉੱਤਰ ਪ੍ਰਦੇਸ਼ ਤੋਂ ਦੇਹ ਵਪਾਰ ਦਾ ਧੰਦਾ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗਿਰੋਹ ਦਾ ਪਰਦਾਫ਼ਾਸ਼ ਹੋਣ ਤੋਂ ਬਾਅਦ, 26 ਨਾਬਾਲਗਾਂ ਨੂੰ ਬਚਾਇਆ ਗਿਆ ਸੀ ਅਤੇ 73 ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੀੜਤ ਲੜਕੀ ਫ਼ਾਰਮ ਹਾਊਸ 'ਤੇ ਹੀ ਮਿਲੀ ਸੀ। ਉਸ ਦੀ ਡਾਕਟਰੀ ਜਾਂਚ ਵਿੱਚ ਉਸ ਨਾਲ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਅਤੇ ਜਾਂਚ ਵਿੱਚ ਮਰਾਕ ਦਾ ਨਾਂਅ ਸਾਹਮਣੇ ਆਇਆ। ਬੱਚੀ ਨੂੰ ਚਿਲਡਰਨ ਹੋਮ ਵਿੱਚ ਰੱਖਿਆ ਗਿਆ ਹੈ। ਕਰੀਬ ਇੱਕ ਮਹੀਨੇ ਦੀ ਪੁਲਿਸ ਹਿਰਾਸਤ ਤੋਂ ਬਾਅਦ ਮਰਾਕ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਜੇਲ੍ਹ ਵਿੱਚ ਸੀ।