
ਮਨੁੱਖੀ ਕੁਰਬਾਨੀ ਦੇ ਕੇਸ ਨੂੰ ਨਸ਼ਈਆਂ ਦਾ ਝਗੜਾ ਵਿਖਾ ਕੇ ਅਸਲ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ : ਅਦਾਲਤ
Delhi Murder Case : ਇਥੋਂ ਦੀ ਇਕ ਅਦਾਲਤ ਨੇ 2014 ਦੇ ਇਕ ਕਤਲ ਕੇਸ ’ਚ ਤਿੰਨ ਵਿਅਕਤੀਆਂ ਨੂੰ ਬਰੀ ਕਰਦੇ ਹੋਏ ਦਿੱਲੀ ਪੁਲਿਸ ਦੇ ਇਕ ਜਾਂਚ ਅਧਿਕਾਰੀ (ਆਈ.ਓ.) ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਅਸਲ ਕਾਤਲ ਫਰਾਰ ਹੈ ਜਦਕਿ ਬੇਕਸੂਰ ਲੋਕਾਂ ’ਤੇ ਮੁਕੱਦਮਾ ਚਲਾਇਆ ਜਾ ਰਿਹਾ ਸੀ। ਅਦਾਲਤ ਨੇ ਕਿਹਾ ਕਿ ਜਾਂਚ ਨੂੰ ਘਟੀਆ ਢੰਗ ਨਾਲ ਕਰਵਾਉਣ ਤੋਂ ਇਲਾਵਾ ਅਸਲ ਦੋਸ਼ੀ ਨੂੰ ਬਚਾਉਣ ਦੀ ਜਾਣਬੁੱਝ ਕੇ ਕੋਸ਼ਿਸ਼ ਕੀਤੀ ਗਈ। ਇਸ ’ਚ ਕਿਹਾ ਗਿਆ ਹੈ ਕਿ ਪਹਿਲੀ ਨਜ਼ਰੇ ਇਹ ਕੇਸ ਮਨੁੱਖੀ ਕੁਰਬਾਨੀ ਦਾ ਪ੍ਰਤੀਤ ਹੁੰਦਾ ਹੈ। ਵਧੀਕ ਸੈਸ਼ਨ ਜੱਜ ਧੀਰੇਂਦਰ ਰਾਣਾ ਦਸੰਬਰ 2014 ’ਚ ਇਥੋਂ ਦੇ ਬਵਾਨਾ ਇਲਾਕੇ ’ਚ ਮਿਲੀ ਇਕ ਕੱਟੀ ਹੋਈ ਲਾਸ਼ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ ਅਤੇ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਮ੍ਰਿਤਕ ਮਨਜੀਤ ਕੌਮ ਅਤੇ ਫੜੇ ਗਏ ਤਿੰਨ ਵਿਅਕਤੀ ਨਸ਼ੇ ਦੇ ਆਦੀ ਸਨ ਅਤੇ ਘਟਨਾ ਵਾਲੇ ਦਿਨ ਮਨਜੀਤ ਨੇ ਉਨ੍ਹਾਂ ਨਾਲ ਨਸ਼ਾ ਸਾਂਝਾ ਕਰਨ ਤੋਂ ਇਨਕਾਰ ਕਰ ਦਿਤਾ ਸੀ, ਜਿਸ ਕਾਰਨ ਮੁਲਜ਼ਮ ਨੇ ਗੁੱਸੇ ’ਚ ਆ ਕੇ ਉਸ ਦਾ ਕਤਲ ਕਰ ਦਿਤਾ। ਜੱਜ ਨੇ ਅਪਣੇ ਹਾਲ ਹੀ ਦੇ ਫੈਸਲੇ ’ਚ ਕਿਹਾ, ‘‘ਮੁਲਜ਼ਮ ਵਿਅਕਤੀਆਂ ’ਚ ਕਿਸੇ ਵੀ ਨਸ਼ੀਲੇ ਪਦਾਰਥ ਦੀ ਅਣਹੋਂਦ, ਮ੍ਰਿਤਕਾਂ ਦੇ ਖੂਨ ਦੇ ਨਮੂਨੇ ਅਤੇ ਮੌਕੇ ਤੋਂ ਬਰਾਮਦ ਕੀਤੀਆਂ ਵਸਤਾਂ ਇਸਤਗਾਸਾ ਪੱਖ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦੀਆਂ ਹਨ ਕਿ ਉਹ ਮੌਕੇ ’ਤੇ ਨਸ਼ੀਲੀਆਂ ਦਵਾਈਆਂ ਲੈ ਰਹੇ ਸਨ ਅਤੇ ਇਸ ਨੂੰ ਸਾਂਝਾ ਕਰਨ ਨੂੰ ਲੈ ਕੇ ਝਗੜਾ ਹੋਇਆ, ਜਿਸ ਕਾਰਨ ਕਤਲ ਹੋਇਆ।’’
ਅਦਾਲਤ ਨੇ ਹੈਰਾਨੀ ਪ੍ਰਗਟਾਈ ਕਿ ਅਪਰਾਧ ਦੇ ਕਥਿਤ ਹਥਿਆਰ ‘ਬਲੇਡ’ ਦੀ ਵਰਤੋਂ ਮ੍ਰਿਤਕ ਦਾ ਸਿਰ ਵੱਢਣ ਅਤੇ ਉਸ ਦੇ ਸਰੀਰ ਨੂੰ ਇਸ ਤਰੀਕੇ ਨਾਲ ਕੱਟਣ ਲਈ ਕਿਵੇਂ ਵਰਤੀ ਜਾ ਸਕਦੀ ਹੈ ਕਿ ਉਸ ਦੀ ਛਾਤੀ ਦੀਆਂ ਹੱਡੀਆਂ ਵੀ ਵਿਖਾਈ ਦੇਣਗੀਆਂ। ਇਸ ’ਚ ਕਿਹਾ ਗਿਆ ਹੈ ਕਿ ਜਾਂਚ ਅਧਿਕਾਰੀ ਨੇ ਮਨਜੀਤ ਦੇ ਸਿਰ ਦਾ ਪਤਾ ਲਗਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਦੋਸ਼ੀ ਦਾ ਇਸ ਨੂੰ ਛੁਪਾਉਣ ਦਾ ਕੋਈ ਇਰਾਦਾ ਨਹੀਂ ਸੀ।
ਇਸ ਨੇ ਤਿੰਨਾਂ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਅਤੇ ਕਿਹਾ ਕਿ ਇਸਤਗਾਸਾ ਪੱਖ ਉਨ੍ਹਾਂ ਵਿਰੁਧ ਕੇਸ ਨੂੰ ਵਾਜਬ ਸ਼ੱਕ ਤੋਂ ਪਰੇ ਸਾਬਤ ਕਰਨ ’ਚ ਅਸਫਲ ਰਿਹਾ ਹੈ। ਅਦਾਲਤ ਨੇ ਸਬੰਧਤ ਡਿਪਟੀ ਕਮਿਸ਼ਨਰ ਆਫ਼ ਪੁਲਿਸ ਨੂੰ ਆਈ.ਓ. ਵਿਰੁਧ ਬਣਦੀ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ।
(For more news apart from Delhi Murder Case, stay tuned to Rozana Spokesman)