
ਕਿਹਾ, ਝਾਰਖੰਡ ਨੂੰ ਮਿਲਿਆ 50 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫਾ
PM Narendra Modi in Jharkhand: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਤੋਂ ਕਮਜ਼ੋਰ ਆਦਿਵਾਸੀ ਸਮੂਹਾਂ ਦੇ ਵਿਕਾਸ ਲਈ 24,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਮੋਦੀ ਨੇ ਆਦਿਵਾਸੀ ਗੌਰਵ ਦੇ ਪ੍ਰਤੀਕ ਬਿਰਸਾ ਮੁੰਡਾ ਦੀ ਜਯੰਤੀ ਅਤੇ ਤੀਜੇ ‘ਜਨਜਾਤੀ ਮਾਣ ਦਿਵਸ’ ਮੌਕੇ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਦੇ ਬਿਰਸਾ ਕਾਲਜ ਮੈਦਾਨ ਤੋਂ ‘ਪ੍ਰਧਾਨ ਮੰਤਰੀ ਵਿਸ਼ੇਸ਼ ਤੌਰ ’ਤੇ ਕਮਜ਼ੋਰ ਜਨਜਾਤੀ ਸਮੂਹ’ (ਪੀ.ਐਮ.-ਪੀ.ਵੀ.ਟੀ.ਜੀ.) ਮਿਸ਼ਨ ਦੀ ਸ਼ੁਰੂਆਤ ਕੀਤੀ ਜਿਸ ਦੇ ਘੇਰੇ ’ਚ ਲਗਭਗ 28 ਲੱਖ ਪੀ.ਵੀ.ਟੀ.ਜੀ. ਆਉਣਗੇ।
ਅਧਿਕਾਰਤ ਬਿਆਨ ਅਨੁਸਾਰ, ਮਿਸ਼ਨ ਦੇ ਤਹਿਤ, ਪੀ.ਵੀ.ਟੀ.ਜੀ. ਇਲਾਕਿਆਂ ’ਚ ਸੜਕ ਅਤੇ ਦੂਰਸੰਚਾਰ ਕਨੈਕਟੀਵਿਟੀ, ਬਿਜਲੀ, ਸੁਰੱਖਿਅਤ ਰਿਹਾਇਸ਼, ਪੀਣ ਵਾਲਾ ਸਾਫ਼ ਪਾਣੀ ਅਤੇ ਸੈਨੀਟੇਸ਼ਨ, ਸਿੱਖਿਆ ਤਕ ਬਿਹਤਰ ਪਹੁੰਚ, ਸਿਹਤ ਅਤੇ ਪੋਸ਼ਣ ਅਤੇ ਟਿਕਾਊ ਜੀਵਿਕਾ ਦੇ ਮੌਕੇ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਝਾਰਖੰਡ ਨੂੰ 50,000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫ਼ਾ ਮਿਲਿਆ ਹੈ ਅਤੇ ਇਹ 100 ਫੀ ਸਦੀ ਰੇਲ ਬਿਜਲੀਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਦੇਸ਼ ਲਈ ਅਹਿਮ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਨੂੰ ਸਹੀ ਮਾਨਤਾ ਨਹੀਂ ਮਿਲੀ। ਆਦਿਵਾਸੀਆਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹਮੇਸ਼ਾ ਆਦਿਵਾਸੀ ਯੋਧਿਆਂ ਦਾ ਰਿਣੀ ਰਹੇਗਾ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਚਾਰ ਥੰਮ੍ਹ ਔਰਤਾਂ, ਕਿਸਾਨ, ਨੌਜਵਾਨ ਅਤੇ ਮੱਧ ਵਰਗ ਅਤੇ ਗਰੀਬਾਂ ਦੇ ਮਜ਼ਬੂਤੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲਜੀਵਨ ਮਿਸ਼ਨ ਤਹਿਤ 70 ਫੀ ਸਦੀ ਆਬਾਦੀ ਨੂੰ ਕਵਰ ਕੀਤਾ ਗਿਆ ਹੈ, 100 ਫੀ ਸਦੀ ਆਬਾਦੀ ਦਾ ਟੀਕਾਕਰਨ ਕੀਤਾ ਜਾ ਚੁਕਾ ਹੈ ਅਤੇ 2014 ਤੋਂ ਬਾਅਦ ਪੂਰੀ ਤਰ੍ਹਾਂ ਐਲ.ਪੀ.ਜੀ. ਕਵਰੇਜ ਵੀ ਹੈ। ਮੋਦੀ ਦੋ ਦਿਨਾਂ ਝਾਰਖੰਡ ਦੌਰੇ ’ਤੇ ਹਨ। ਉਨ੍ਹਾਂ ਨੇ ਮੰਗਲਵਾਰ ਰਾਤ ਨੂੰ ਰਾਂਚੀ ’ਚ 10 ਕਿਲੋਮੀਟਰ ਲੰਮਾ ਰੋਡ ਸ਼ੋਅ ਵੀ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਰਾਂਚੀ ’ਚ ਬਿਰਸਾ ਮੁੰਡਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਰਾਂਚੀ ਵਿਚ ਆਦਿਵਾਸੀ ਸੁਤੰਤਰਤਾ ਸੈਨਾਨੀ ਬਿਰਸਾ ਮੁੰਡਾ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮੋਦੀ ਨੇ ਪੁਰਾਣੀ ਕੇਂਦਰੀ ਜੇਲ੍ਹ ’ਚ ਸਥਿਤ ਭਗਵਾਨ ਬਿਰਸਾ ਮੁੰਡਾ ਯਾਦਗਾਰੀ ਬਾਗ ਅਤੇ ਆਜ਼ਾਦੀ ਘੁਲਾਟੀਏ ਅਜਾਇਬ ਘਰ ’ਚ ਬਿਰਸਾ ਮੁੰਡਾ ਦੀ 25 ਫੁੱਟ ਉੱਚੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਮੁੰਡਾ ਨੇ ਇੱਥੇ 9 ਜੂਨ 1900 ਨੂੰ ਆਖਰੀ ਸਾਹ ਲਿਆ ਸੀ। ਬਿਰਸਾ ਮੁੰਡਾ ਦਾ ਜਨਮ ਦਿਨ ਪੂਰੇ ਦੇਸ਼ ’ਆਦਿਵਾਸੀ ਮਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਭਗਵਾਨ ਬਿਰਸਾ ਮੁੰਡਾ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ। ਆਦਿਵਾਸੀ ਮਾਣ ਦਿਵਸ ਦੇ ਇਸ ਵਿਸ਼ੇਸ਼ ਮੌਕੇ ’ਤੇ ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।’’ ਅਜਾਇਬ ਘਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਮੁੱਖ ਮੰਤਰੀ ਹੇਮੰਤ ਸੋਰੇਨ, ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਅਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਵੀ ਮੌਜੂਦ ਸਨ। ਉਨ੍ਹਾਂ ਅਜਾਇਬ ਘਰ ’ਚ ਵੇਖਿਆ ਕਿ ਕਿਵੇਂ ਆਦਿਵਾਸੀਆਂ ਨੇ ਅਪਣੀ ਬਹਾਦਰੀ ਅਤੇ ਕੁਰਬਾਨੀ ਤੋਂ ਇਲਾਵਾ ਅਪਣੇ ਜੰਗਲਾਂ, ਜ਼ਮੀਨੀ ਅਧਿਕਾਰਾਂ ਅਤੇ ਸਭਿਆਚਾਰ ਦੀ ਰਾਖੀ ਲਈ ਸੰਘਰਸ਼ ਕੀਤਾ।