
ਉੜੀਸਾ ਵਿਚ ਸ੍ਰੀ ਜਗਨਨਾਥ ਪੁਰੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਢਾਹੇ ਜਾਣ ਵਿਰੁਧ ਬੋਲਣ ਵਾਲੇ ਸਥਾਨਕ ਸਿੱਖ ਪਰਵਿੰਦਰਪਾਲ ਸਿੰਘ 'ਤੇ ਹਮਲਾ ਕੀਤਾ ਗਿਆ ਹੈ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਉੜੀਸਾ ਵਿਚ ਸ੍ਰੀ ਜਗਨਨਾਥ ਪੁਰੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਠ ਢਾਹੇ ਜਾਣ ਵਿਰੁਧ ਬੋਲਣ ਵਾਲੇ ਇਕ ਸਥਾਨਕ ਸਿੱਖ ਪਰਵਿੰਦਰਪਾਲ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਪਰਵਿੰਦਰਪਾਲ ਸਿੰਘ ਜੋ ਕਿ ਇਕ ਅੰਮ੍ਰਿਤਧਾਰੀ ਸਿੱਖ ਹੈ ਕਈ ਦਹਾਕਿਆਂ ਤੋਂ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਪਰਵਾਰ ਸਮੇਤ ਰਹਿ ਰਿਹਾ ਹੈ।
ਉਨ੍ਹਾਂ ਹਾਲੇ ਬੀਤੇ ਮਹੀਨੇ ਹੀ 'ਸਪੋਕਸਮੈਨ ਟੀਵੀ' ਕੋਲ ਪ੍ਰਗਟਾਵਾ ਕੀਤਾ ਸੀ ਕਿ 1978 ਤਕ ਮੰਗੂ ਮੱਠ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਨ੍ਹਾਂ ਨੇ ਅਪਣੇ ਅੱਖੀਂ ਵੇਖਿਆ ਹੈ। ਹਾਲਾਂਕਿ ਪਰਵਿੰਦਰਪਾਲ ਸਿੰਘ 'ਤੇ ਇਹ ਹਮਲਾ ਪਾਰਕਿੰਗ ਦੇ ਮਸਲੇ ਨੂੰ ਲੈ ਕੇ ਹੋਇਆ ਹੈ ਪਰ ਪਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਸਥਾਨਕ ਅਪਰਾਧਕ ਪਿਛੋਕੜ ਦੇ ਲੋਕਾਂ ਨੇ ਸਿੱਖ ਹੋਣ ਵਜੋਂ ਨਿਸ਼ਾਨਾ ਬਣਾਇਆ ਹੈ।
ਪਰਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਉਸ 'ਤੇ ਹਮਲੇ ਦਾ ਅੰਦੇਸ਼ਾ ਪਹਿਲਾਂ ਹੀ ਹੋ ਗਿਆ ਸੀ। ਇਸ ਲਈ ਉਸ ਨੇ ਸਮੇਂ ਸਿਰ ਪੁਲਿਸ ਨੂੰ ਫ਼ੋਨ ਕਰ ਕੇ ਬੁਲਾ ਲਿਆ ਸੀ। ਪੁਲਿਸ ਮੌਕੇ 'ਤੇ ਪਹੁੰਚ ਵੀ ਗਈ ਸੀ ਪਰ ਘਟਨਾ ਦੀ ਸੀਸੀਟੀਵੀ ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸਕਰਮੀਆਂ ਦੀ ਮੌਜੂਦਗੀ ਵਿਚ ਅੱਧੀ ਦਰਜਨ ਦੇ ਕਰੀਬ ਪਰਵਿੰਦਰਪਾਲ ਸਿੰਘ ਨੂੰ ਬੇਤਹਾਸ਼ਾ ਮਾਰਕੁੱਟ ਰਹੇ ਹਨ।
ਇਸ ਹਮਲੇ ਵਿਚ ਪਰਵਿੰਦਰ ਪਾਲ ਸਿੰਘ ਦੇ ਸਿਰ ਅਤੇ ਅੱਖ ਉਤੇ ਸੱਟਾਂ ਵੱਜੀਆਂ ਹਨ। ਭੁਵਨੇਸ਼ਵਰ ਸਥਿਤ ਏਮਜ਼ ਵਿਚ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਇਸ ਮਾਮਲੇ ਵਿਚ ਸਥਾਨਕ ਸਿੱਖ ਸੰਗਤ ਦੀ ਭਾਰੀ ਕੋਸ਼ਿਸ਼ ਤੋਂ ਬਾਅਦ ਉੜੀਸਾ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ ਹੈ। ਇਹ ਮਾਮਲਾ ਮੀਡੀਆ ਵਿਚ ਫੈਲਣ ਮਗਰੋਂ ਸਬੰਧਤ ਪੀਸੀਆਰ ਦੇ ਕਰਮੀ ਵੀ ਮੁਅੱਤਲ ਕਰ ਦਿਤੇ ਗਏ ਹੋਣ ਦੀ ਜਾਣਕਾਰੀ ਮਿਲੀ ਹੈ
ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖਜ਼ ਨੇ ਇਸ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਇੰਡੀਆ ਜਸਮੀਤ ਸਿੰਘ ਨੇ ਕਿਹਾ ਕਿ ਉੜੀਸਾ ਸਰਕਾਰ ਇਸ ਮਾਮਲੇ ਵਿਚ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਉੜੀਸਾ ਵਿਚ ਘੱਟ ਗਿਣਤੀ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਵੇ।