
ਪੰਜਾਬ ਤੋਂ ਗਏ ਕੁੱਝ ਨਿਹੰਗ ਸਿੰਘਾਂ ਨੇ ਵੀਰਵਾਰ ਨੂੰ ਮੰਗੂ ਮੱਠ ਦੇ 'ਤੇ ਨਿਸ਼ਾਨ ਸਾਹਿਬ ਝੁਲਾ ਦਿਤਾ।
'ਸਪੋਕਸਮੈਨ ਟੀਵੀ' ਨੂੰ ਕੁੱਝ ਦਿਨ ਪਹਿਲਾਂ ਮਲਬੇ ਵਿਚ ਪਿਆ ਲੱਭਿਆ ਸੀ ਖੰਡਾ ਸਾਹਿਬ
ਸਪੋਕਸਮੈਨ ਦੀ ਵੀਡੀਉ ਵੇਖ ਕੇ ਰਵਾਨਾ ਹੋਏ ਨਿਹੰਗ ਸਿੰਘਾਂ ਨੂੰ ਉੜੀਸਾ ਪੁਲਿਸ ਨੇ ਫੜ ਕੇ ਭੁਵਨੇਸ਼ਵਰ ਜਾ ਛਡਿਆ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਉੜੀਸਾ ਦੇ ਜਗਨਨਾਥ ਪੁਰੀ ਵਿਖੇ ਮੰਗੂ ਮੱਠ ਨੂੰ ਢਾਹੇ ਜਾਣ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਪਿਆ ਕਿ ਪੰਜਾਬ ਤੋਂ ਗਏ ਕੁੱਝ ਨਿਹੰਗ ਸਿੰਘਾਂ ਨੇ ਵੀਰਵਾਰ ਨੂੰ ਮੰਗੂ ਮੱਠ ਦੇ 'ਤੇ ਨਿਸ਼ਾਨ ਸਾਹਿਬ ਝੁਲਾ ਦਿਤਾ।
Jagannath Temple, Puri
ਦਸਣਯੋਗ ਹੈ ਕਿ ਇਹ ਉਹੀ ਖੰਡਾ ਸਾਹਿਬ ਹੈ ਜੋ ਕੁੱਝ ਦਿਨ ਪਹਿਲਾਂ 'ਸਪੋਕਸਮੈਨ ਟੀ.ਵੀ.' ਦੇ ਇਸ ਪੱਤਰਕਾਰ ਨੇ ਮੰਗੂ ਮੱਠ ਵਿਖੇ ਹੋ ਰਹੀ ਢਾਹ-ਢੁਆਈ ਦੌਰਾਨ ਮਲਬੇ ਵਿਚ ਪਿਆ ਲਭਿਆ ਸੇ 'ਸਪੋਕਸਮੈਨ ਵੈੱਬ ਟੀ.ਵੀ.' ਦੀ ਇਹ ਵੀਡੀਉ ਵੇਖ ਕੇ ਜੋਸ਼ 'ਚ ਆਏ ਇਹ ਨਿਹੰਗ ਸਿੰਘ ਕੁੱਝ ਦਿਨ ਪਹਿਲਾਂ ਹੀ ਉੜੀਸਾ ਲਈ ਰਵਾਨਾ ਹੋ ਗਏ ਸਨ।
File Photo
ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ 'ਸਪੋਕਸਮੈਨ ਟੀਵੀ' ਨਾਲ ਗੱਲ ਕਰ ਰਹੇ ਇਨ੍ਹਾਂ ਨਿਹੰਗ ਸਿੰਘਾਂ ਦੀ ਅਗਵਾਈ ਕਰਨ ਵਾਲੇ ਜਬਰ ਜੰਗ ਸਿੰਘ ਬਠਿੰਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦੀ ਜੋੜ ਮੇਲ ਦੌਰਾਨ ਹੀ ਇਹ ਵੀਡੀਉ ਵੇਖ ਕੇ ਤਿਆਰ ਹੋ ਗਏ ਸਨ ਅਤੇ ਪਟਨਾ ਸਾਹਿਬ ਪਹੁੰਚ ਕੇ ਪਹਿਲਾਂ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਸਿੰਘਾਂ ਨੇ ਜਗਨਨਾਥ ਪੁਰੀ ਵਲ ਰਵਾਨਗੀ ਪਾਈ।
Photo
ਜਿਉਂ ਹੀ ਉਹ ਜਗਨਨਾਥਪੁਰੀ ਪਹੁੰਚੇ ਤਾਂ ਮੰਗੂ ਮੱਠ ਦੇ ਉਸਦੇ ਮਲਬੇ 'ਚ ਪਿਆ ਖੰਡਾ ਸਾਹਿਬ ਮਿਲ ਗਿਆ ਉਨ੍ਹਾਂ ਵਿਧੀਪੂਰਵਕ ਪਹਿਲਾਂ ਖੰਡਾ ਸਾਹਿਬ ਨੂੰ ਇਸ਼ਨਾਨ ਕਰਵਾਇਆ ਅਤੇ ਨੀਲਾ ਚੋਲਾ ਚੜ੍ਹਾ ਕੇ ਮੰਗੂ ਮੱਠ ਦੀ ਛੱਤ ਦੇ ਉੱਤੇ ਸੁਸ਼ੋਭਿਤ ਕਰ ਦਿਤਾ। ਉਨ੍ਹਾਂ ਦਸਿਆ ਕਿ ਇਹ ਕਾਰਵਾਈ ਹੁੰਦਿਆਂ ਵੇਖ ਕੇ ਉੜੀਸਾ ਦਾ ਪੁਲਸ ਪ੍ਰਸ਼ਾਸਨ ਫੌਰੀ ਹਰਕਤ ਵਿਚ ਆ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਮਗਰੋਂ ਉਨ੍ਹਾਂ ਨੂੰ ਸਰਕਾਰੀ ਗੱਡੀ ਰਾਹੀਂ ਹੀ ਜਗਨਨਾਥ ਪੁਰੀ ਤੋਂ ਸੱਠ ਕਿਲੋਮੀਟਰ ਦੂਰ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਛੱਡਿਆ ਗਿਆ।
Photo
ਦਸਣਯੋਗ ਹੈ ਕਿ ਉੜੀਸਾ ਸਰਕਾਰ ਵਾਰ-ਵਾਰ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੰਗੂ ਮੱਠ ਦਾ ਗੁਰੂ ਨਾਨਕ ਦੇਵ ਜੀ ਨਾਲ ਕੋਈ ਸਬੰਧ ਨਹੀਂ ਹੈ। ਪਰ ਬਹੁਤ ਸਾਰੇ ਸਥਾਨਕ ਸਿੱਖਾਂ ਦਾ ਦਾਅਵਾ ਹੈ ਕਿ ਕਰੀਬ ਵੀਹ ਸਾਲ ਪਹਿਲਾਂ ਤਕ ਮੰਗੂ ਮੱਠ ਵਿਚ ਬਾਕਾਇਦਾ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। 'ਸਪੋਕਸਮੈਨ ਟੀਵੀ' ਵਲੋਂ ਲੱਭਿਆ ਗਿਆ ਖੰਡਾ ਸਾਹਿਬ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਅਸਥਾਨ 'ਤੇ ਕਿਸੇ ਸਮੇਂ ਸਿੱਖ ਗਤੀਵਿਧੀਆਂ ਹੁੰਦੀਆਂ ਰਹੀਆਂ ਹੋਣਗੀਆਂ।
SGPC
ਸਾਡੀ ਟੀਮ ਦੂਸਰੀ ਵਾਰ ਜਦੋਂ ਮੰਗੂ ਮੱਠ ਦੇ ਉੱਤੇ ਕਵਰੇਜ ਲਈ ਪੁੱਜੀ ਤਾਂ ਮੱਠ ਦਾ ਆਖਰੀ ਹਿੱਸਾ ਢਾਇਆ ਜਾ ਰਿਹਾ ਸੀ ਜਿੱਥੇ ਮਲਬੇ ਵਿਚ ਪਿਆ ਇਹ ਖੰਡਾ ਸਾਹਿਬ ਨਜ਼ਰੀਂ ਪਿਆ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਦੋ ਕੁ ਮਹੀਨੇ ਪਹਿਲਾਂ ਵੀ ਇਹ ਭਰਮ ਪਾ ਦਿਤਾ ਸੀ ਕਿ ਮੰਗੂ ਮੱਠ ਦਾ ਗੁਰੂ ਸਾਹਿਬ ਨਾਲ ਕੋਈ ਸਬੰਧ ਨਹੀਂ ਹੈ।
ਜਿਸ ਤੋਂ ਬਾਅਦ ਉੜੀਸਾ ਸਰਕਾਰ ਨੂੰ ਕਾਫ਼ੀ ਬਲ ਮਿਲਿਆ ਸੀ ਤੇ ਉਨ੍ਹਾਂ ਨੇ ਕੇਸ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਢਾਹ-ਢੁਆਈ ਸ਼ੁਰੂ ਕਰ ਦਿਤੀ ਸੀ। ਇਸ ਕੇਸ ਦੀ ਅਗਲੀ ਸੁਣਵਾਈ ਹੁਣ ਅੱਠ ਜਨਵਰੀ ਨੂੰ ਹੈ।